ਆਜ਼ਾਦ ਉਮੀਦਵਾਰ 'ਤੇ ਧੋਖਾਧੜੀ ਦਾ ਪਰਚਾ ਦਰਜ
news from Bathinda news from Bathindanews from Bathinda
Publish Date: Mon, 18 May 2026 09:35 PM (IST)
Updated Date: Tue, 19 May 2026 04:10 AM (IST)

ਗੁਰਤੇਜ ਸਿੰਘ ਸਿੱਧੂ , ਪੰਜਾਬੀ ਜਾਗਰਣ, ਬਠਿੰਡਾ : ਨਿਗਮ ਦੇ ਵਾਰਡ-14 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬਲਜੀਤ ਸਿੰਘ ਰਾਜੂ ਸਰਾਂ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਉਸ ਨੇ ਕੇਸ ਦਰਜ ਕਰਨ ਦੇ ਨਾਲ ਨਾਲ ਆਪਣੇ ਪੁੱਤਰ ਸਮੇਤ ਉਸਦੇ ਕਾਗਜ ਰੱਦ ਕਰਨ ਦੀ ਵੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਾਜੂ ਸਰਾਂ ਨੂੰ ‘ਆਪ’ ਨੇ ਵਾਰਡ-18 ਤੋਂ ਉਮੀਦਵਾਰ ਐਲਾਨਿਆ ਸੀ। ਵਾਰਡ-14 'ਤੇ ਵਿਧਾਇਕ ਦੇ ਭਾਣਜੇ ਸੁਖਦੀਪ ਸਿੰਘ ਢਿੱਲੋ ਨੂੰ ਆਪ ਨੇ ਟਿਕਟ ਦਿੱਤੀ ਸੀ, ਪਰ ਟਿਕਟਾਂ ਦੀ ਵੰਡ ਤੋਂ ਨਾਰਾਜ਼ ਹੋਏ ਢਿੱਲੋਂ ਨੇ ਇੱਥੋਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ। ‘ਆਪ’ ਨੇ 14 ਨੰਬਰ ਵਾਰਡ ਤੋਂ ਪਰਮਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਪਰ ਰਾਜੂ ਸਰਾਂ ਨੇ 18 ਨੰਬਰ ਵਾਰਡ ਤੋਂ ‘ਆਪ’ ਦੀ ਟਿਕਟ ਤੇ ਚੋਣ ਲੜਨ ਤੋਂ ਨਾਂਹ ਕਰਦੀਆਂ 14 ਨੰਬਰ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਸਨ। ਉਹਨਾਂ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਸਨੇ 14 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀਆਂ ਭਰੀਆਂ ਸਨ ਜਦੋਂ ਕਿ ਉਸਦੇ ਪੁੱਤਰ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ ਸਨ। ਦੋਵਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ। ਰਾਜੂ ਸਰਾਂ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਵਿੱਚ ਉਸ ਖਿਲਾਫ ਆਪਣੇ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਹੈ। ਚੋਣ ਲੜਨ ਤੋਂ ਰੋਕਣ ਲਈ ਹੀ ਉਸ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਉਸਦੇ ਨਾਮਜਦਗੀ ਪੱਤਰ ਵੀ ਰੱਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਵਾਰਡ ਨੰਬਰ 14 ਦੇ ਲੋਕਾਂ ਨੇ ਕਿਹਾ ਕਿ ਜੇਕਰ ਰਾਜੂ ਸਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਤਾਂ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਵਾਰਡ-46 ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਰਾਜਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ ਹਨ। ਕਾਂਗਰਸ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਨੇ ਵੀ ਆਪਣੇ ਕਾਗਜ ਰੱਦ ਕਰਨ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਕਾਰਕ ਨੇ ਦੱਸਿਆ ਕਿ ਵਾਰਡ-38 ਤੇ ਵਾਰਡ-17 ਦੇ ਉਮੀਦਵਾਰਾਂ ਦੇ ਵੀ ਕਾਗਜ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਆਜ਼ਾਦ ਉਮੀਦਵਾਰ ਤੇ ਕੇਸ ਦਰਜ ਕਰਨ ਤੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ, ਪਰ ਉਮੀਦਵਾਰਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ।