ਸੌ ਫੁੱਟ ਰੋਡ ’ਤੇ 15 ਮਿੰਟ ਦਾ ਬਲੈਕਆਊਟ ਕਰਕੇ ਪਰਖਿਆ ਰਿਐਕਸ਼ਨ ਟਾਈਮ
news from bathinda news from bathinda
Publish Date: Fri, 24 Apr 2026 09:28 PM (IST)
Updated Date: Sat, 25 Apr 2026 04:13 AM (IST)
-ਬਠਿੰਡਾ ਵਿਖੇ ਮੌਕ ਡ੍ਰਿੱਲ ਦੌਰਾਨ ਵੱਖ-ਵੱਖ ਟੀਮਾਂ ਨੇ ਮਿਲ ਕੇ ਰੈਸਕਿਊ ਆਪ੍ਰੇਸ਼ਨ ਦਾ ਕੀਤਾ ਅਭਿਆਸ
ਸਟਾਫ ਰਿਪੋਰਟਰ , ਪੰਜਾਬੀ ਜਾਗਰਣ, ਬਠਿੰਡਾ :
ਜ਼ਿਲ੍ਹੇ ’ਚ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਤਿਆਰੀਆਂ ਦੀ ਜਾਂਚ ਕਰਨ ਦੇ ਮੱਦੇਨਜ਼ਰ ਸ਼ੁੱਕਰਵਾਰ ਸ਼ਾਮ 8 ਵਜੇ 100 ਫੁੱਟ ਰੋਡ ਸਥਿਤ ਪੁੱਡਾ ਮਾਰਕੀਟ ਵਿੱਚ ਵਿਸ਼ੇਸ਼ ਮਾਕ ਡ੍ਰਿੱਲ ਸਫਲਤਾਪੂਰਵਕ ਕੀਤੀ ਗਈ। ਕਰੀਬ 15 ਮਿੰਟ ਚੱਲੇ ਇਸ ਅਭਿਆਸ ਦੌਰਾਨ ਨਿਰਧਾਰਿਤ ਖੇਤਰ ਵਿਚ ਬਲੈਕਆਉਟ ਵੀ ਕੀਤਾ ਗਿਆ, ਤਾਂ ਜੋ ਐਮਰਜੈਂਸੀ ਸਥਿਤੀਆਂ ਵਿੱਚ ਵੱਖ-ਵੱਖ ਵਿਭਾਗਾਂ ਦੀ ਤੱਤਪਰਤਾ ਅਤੇ ਆਪਸੀ ਤਾਲਮੇਲ ਦੀ ਪਰਖ ਕੀਤੀ ਜਾ ਸਕੇ। ਮੌਕ ਡ੍ਰਿੱਲ ਦੀ ਸ਼ੁਰੂਆਤ ਸਾਇਰਨ ਵਜਾ ਕੇ ਕੀਤੀ ਗਈ, ਜੋ ਲਗਭਗ 2 ਮਿੰਟ ਤੱਕ ਗੂੰਜਦਾ ਰਿਹਾ। ਇਸ ਤੋਂ ਬਾਅਦ ਖੇਤਰ ਵਿੱਚ ਬਿਜਲੀ ਬੰਦ ਕਰਕੇ ਬਲੈਕਆਉਟ ਕੀਤਾ ਗਿਆ।
ਇਸ ਦੌਰਾਨ ਫਾਇਰ ਬ੍ਰਿਗੇਡ, ਪੁਲਿਸ, ਸਿਹਤ ਵਿਭਾਗ, ਸਿਵਲ ਡਿਫੈਂਸ ਤੇ ਨਿਗਮ ਦੀਆਂ ਟੀਮਾਂ ਨੇ ਮਿਲ ਕੇ ਰੈਸਕਿਊ ਆਪ੍ਰੇਸ਼ਨ ਦਾ ਅਭਿਆਸ ਕੀਤਾ। ਇੱਕ ਇਮਾਰਤ ਨੂੰ ਟਾਰਗੇਟ ਕਰਕੇ ਉੱਥੇ ਅੱਗ ਲੱਗਣ ਅਤੇ ਲੋਕਾਂ ਦੇ ਫਸ ਜਾਣ ਦੀ ਕਲਪਨਾਤਮਕ ਸਥਿਤੀ ਬਣਾਈ ਗਈ, ਜਿਸ ਵਿੱਚ ਜ਼ਖ਼ਮੀਆਂ ਨੂੰ ਬਾਹਰ ਕੱਢਣ, ਮੁੱਢਲਾ ਇਲਾਜ ਦੇਣ ਤੇ ਅੱਗ ਬੁਝਾਉਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਮੌਕ ਡ੍ਰਿੱਲ ਦਾ ਮੁੱਖ ਉਦੇਸ਼ ਵੱਖ-ਵੱਖ ਵਿਭਾਗਾਂ ਦੇ ਰਿਐਕਸ਼ਨ ਟਾਈਮ ਦੀ ਜਾਂਚ ਕਰਨਾ ਤੇ ਉਨ੍ਹਾਂ ਵਿਚਾਲੇ ਵਧੀਆ ਤਾਲਮੇਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਭਵਿੱਖ ਵਿਚ ਕਿਸੇ ਵੀ ਕੁਦਰਤੀ ਆਫਤ, ਹਾਦਸੇ ਜਾਂ ਐਮਰਜੈਂਸੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਡਰਿੱਲ ਦੌਰਾਨ ਟ੍ਰੈਫਿਕ ਨੂੰ ਨਿਯੰਤਰਿਤ ਕੀਤਾ ਗਿਆ ਅਤੇ ਜ਼ਰੂਰੀ ਸੇਵਾਵਾਂ ਆਮ ਤੌਰ ’ਤੇ ਜਾਰੀ ਰਹੀਆਂ। ਅਭਿਆਸ ਖਤਮ ਹੋਣ ਉਪਰੰਤ ‘ਆਲ ਕਲੀਅਰ’ ਸਿਗਨਲ ਦੇ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ। ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੇ ਸਹਿਯੋਗ ਲਈ ਧੰਨਵਾਦ ਜਤਾਇਆ ਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਨਾ ਸਿਰਫ ਵਿਭਾਗਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਆਉਂਦਾ ਹੈ, ਸਗੋਂ ਆਮ ਲੋਕਾਂ ਵਿਚ ਵੀ ਜਾਗਰੂਕਤਾ ਵਧਦੀ ਹੈ।