ਰਿਸ਼ਵਤ ਮੰਗਣ ਦੇ ਦੋਸ਼ ਹੇਠ ਏਐੱਸਆਈ ਖ਼ਿਲਾਫ਼ ਕੇਸ ਦਰਜ
news from Bathinda news from Bathinda
Publish Date: Fri, 01 May 2026 09:06 PM (IST)
Updated Date: Sat, 02 May 2026 04:14 AM (IST)
ਗੁਰਤੇਜ ਸਿੰਘ ਸਿੱਧੂ , ਪੰਜਾਬੀ ਜਾਗਰਣ, ਬਠਿੰਡਾ , ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਪੁਲਿਸ ਵਿਭਾਗ ਦੇ ਇਕ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੰਜਾਬੀ ਜਾਗਰਣ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ। ਸੀਆਈਏ ਸਟਾਫ-1 ਵਿੱਚ ਤਾਇਨਾਤ ਏਐਸਆਈ ਮਨਜਿੰਦਰ ਸਿੰਘ ‘ਤੇ ਇਕ ਵਪਾਰੀ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ।
ਸ਼ਿਕਾਇਤਕਰਤਾ ਦੁਸ਼ਾਂਤ ਬਾਂਸਲ, ਜੋ ਅਗਰਵਾਲ ਕਾਲੋਨੀ ਵਿਚ ਕਾਸਮੈਟਿਕਸ ਦਾ ਥੋਕ ਕਾਰੋਬਾਰ ਕਰਦਾ ਹੈ, ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 22 ਅਪ੍ਰੈਲ ਦੀ ਸਵੇਰ ਏਐਸਆਈ ਆਪਣੇ ਸਾਥੀਆਂ ਨਾਲ ਉਸਦੇ ਭਾਈਵਾਲ ਰੂਪੇਸ਼ ਗੁਪਤਾ ਦੇ ਘਰ ਪਹੁੰਚਿਆ। ਉੱਥੇ ਤਲਾਸ਼ੀ ਦੌਰਾਨ ਨਕਲੀ ਸਾਮਾਨ ਵੇਚਣ ਦਾ ਦੋਸ਼ ਲਗਾ ਕੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ। ਦੋਸ਼ ਹੈ ਕਿ ਅਧਿਕਾਰੀ ਨੇ ਮਾਮਲਾ ਦਬਾਉਣ ਦੇ ਬਦਲੇ ਪਹਿਲਾਂ 5 ਲੱਖ ਰੁਪਏ ਦੀ ਮੰਗ ਕੀਤੀ, ਜੋ ਬਾਅਦ ’ਚ ਗੱਲਬਾਤ ਤੋਂ ਬਾਅਦ 2.25 ਲੱਖ ਰੁਪਏ ’ਤੇ ਤੈਅ ਹੋਈ। ਵਪਾਰੀ ਨੇ ਰਿਸ਼ਵਤ ਦੇਣ ਦੀ ਬਜਾਏ ਪੂਰੇ ਮਾਮਲੇ ਦੀ ਕਾਲ ਅਤੇ ਵਟਸਐਪ ਗੱਲਬਾਤ ਰਿਕਾਰਡ ਕਰ ਲਈ। ਸ਼ਿਕਾਇਤ ਅਨੁਸਾਰ 23 ਅਪ੍ਰੈਲ ਨੂੰ ਮੁਲਜ਼ਮ ਅਧਿਕਾ ਗੁਰੀ ਨੇ ਉਸਨੂੰ ਇਕ ਕਾਰ ਵਿੱਚ ਬਿਠਾ ਕੇ ਮੁੜ ਪੈਸਿਆਂ ਲਈ ਦਬਾਅ ਬਣਾਇਆ, ਜਿਸ ਦੀ ਰਿਕਾਰਡਿੰਗ ਵੀ ਕੀਤੀ ਗਈ। ਸਬੂਤ ਇਕੱਠੇ ਕਰਨ ਤੋਂ ਬਾਅਦ ਪੀੜਤ ਨੇ ਰਾਜ ਦੀ ਐਂਟੀ ਕਰਪਸ਼ਨ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ। ਵਿਜੀਲੈਂਸ ਬਿਊਰੋ ਨੇ ਜਾਂਚ ਤੋਂ ਬਾਅਦ ਦੋਸ਼ਾਂ ਨੂੰ ਸਹੀ ਪਾਇਆ ਤੇ 30 ਅਪ੍ਰੈਲ ਦੀ ਰਾਤ ਏਐਸਆਈ ਮਨਜਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫਆਈਆਰ ਦਰਜ ਕਰ ਲਈ। ਜ਼ਿਕਰ ਯੋਗ ਹੈ ਕਿ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਘਲਾ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਕਾਰੋਬਾਰੀਆਂ ਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਸੀ ਜਿਨਾਂ ਦੋਸ਼ ਲਾਏ ਸਨ ਕਿ ਪੁਲਿਸ ਉਹਨਾਂ ਕੋਲੋਂ ਨਜਾਇਜ਼ ਵਸੂਲੀ ਕਰ ਰਹੀ ਹੈ।