ਨਗਰ ਪੰਚਾਇਤ ਕੋਠਾਗੁਰੂ ਦੀ ਚੋਣ ਸ਼ਾਨਦਾਰ ਢੰਗ ਨਾਲ ਜਿੱਤਾਂਗੇ-ਭੱਲਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਨਗਰ ਪੰਚਾਇਤ ਕੋਠਾ ਗੁਰੂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਗਿਆ ਹੈ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਮੀਟਿੰਗਾਂ ਅਤੇ ਚੋਣ ਪ੍ਰਚਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ। ਨਗਰ ਪੰਚਾਇਤ ਦੇ ਵੱਖ-ਵੱਖ ਵਾਰਡਾਂ ਵਿੱਚ ਹੋ ਰਹੀਆਂ ਮੀਟਿੰਗਾਂ ਦੌਰਾਨ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਭੱਲਾ ਨੇ ਭਰੋਸਾ ਦਿਵਾਇਆ ਕਿ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਕੋਠਾ ਗੁਰੂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੀ ਹੈ ਅਤੇ ਲੋਕ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਲੋਕ ਭਲਾਈ ਲਈ ਕਈ ਵੱਡੇ ਫੈਸਲੇ ਕੀਤੇ ਗਏ ਹਨ, ਜਿਸ ਕਾਰਨ ਲੋਕਾਂ ਦਾ ਵਿਸ਼ਵਾਸ ਪਾਰਟੀ ਵੱਲ ਲਗਾਤਾਰ ਵੱਧ ਰਿਹਾ ਹੈ। ਭੱਲਾ ਨੇ ਦਾਅਵਾ ਕੀਤਾ ਕਿ ਜਿਵੇਂ ਹੋਰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਪਾਰਟੀ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ, ਉਸੇ ਤਰ੍ਹਾਂ ਕੋਠਾ ਗੁਰੂ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਹੈ ਅਤੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਇਲਾਕੇ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣਾ ਹੈ। ਚੋਣ ਪ੍ਰਚਾਰ ਦੌਰਾਨ ਨੌਜਵਾਨਾਂ ਅਤੇ ਔਰਤਾਂ ਦੀ ਵੱਡੀ ਭਾਗੀਦਾਰੀ ਵੀ ਦੇਖਣ ਨੂੰ ਮਿਲ ਰਹੀ ਹੈ, ਜੋ ਪਾਰਟੀ ਲਈ ਸਕਾਰਾਤਮਕ ਸੰਕੇਤ ਮੰਨੇ ਜਾ ਰਹੇ ਹਨ। ਮੀਟਿੰਗਾਂ ਦੌਰਾਨ ਪਾਰਟੀ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਵੀ ਕੀਤਾ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਵਿਕਾਸ ਦੇ ਹੱਕ ਵਿੱਚ ਫੈਸਲਾ ਕਰਨਗੇ ਅਤੇ ਕੋਠਾ ਗੁਰੂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਗੁਰਵਿੰਦਰ ਪਾਲ ਸਿੰਘ ਸਰਪੰਚ, ਮਹਿੰਦਰ ਸਿੰਘ ਮਾਨ, ਮਿੱਠੂ ਸਿੰਘ ਮਾਨ, ਹਰਵਿੰਦਰ ਸਿੰਘ, ਪ੍ਰਭ ਸਿੰਘ ਮਾਨ, ਸੁਖਜੀਤ ਕੌਰ ਭੱਲਾ, ਬੂਟਾ ਸਿੰਘ, ਕੁਲਵਿੰਦਰ ਕੌਰ ਮਾਨ, ਡਾ. ਰਣਧੀਰ ਸਿੰਘ, ਅੰਮ੍ਰਿਤਪਾਲ ਕੌਰ, ਜਗਜੀਤ ਸਿੰਘ ਜੀਤਾ, ਵੀਰਪਾਲ ਕੌਰ, ਅੰਮ੍ਰਿਤਪਾਲ ਸਿੰਘ ਸਾਬਕਾ ਐਮਸੀ., ਦਿਲਬਾਗ ਸਿੰਘ ਬੱਗੀ, ਲਖਵਿੰਦਰ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ।