ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ
ਲਾਇਨੋ ਪਾਰ ਖੇਤਰ ਵਿਚ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਲਾਇਆ
Publish Date: Thu, 21 May 2026 04:49 PM (IST)
Updated Date: Thu, 21 May 2026 04:52 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਰੇਲਵੇ ਇੰਸਟੀਚਿਊਟ ਬਠਿੰਡਾ ਵਿਖੇ ਮੁਫ਼ਤ ਸਿਹਤ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਕੈਂਪ ਕਰਨੈਲ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਸਿਲਵਰ ਓਕਸ ਗਰੁੱਪ ਆਫ ਸਕੂਲਜ਼ ਵੱਲੋਂ ਗਿਆਨ ਮੰਥਨ ਐਜੂਕੇਸ਼ਨਲ ਸਰਵਸਿਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਆਫ ਸਕੂਲਜ਼ ਅਤੇ ਕਰਨੈਲ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਡਾ. ਜਗਜੀਤ ਸਿੰਘ ਧੂਰੀ ਡਾਇਰੈਕਟਰ ਪੰਜਾਬ ਚੈਪਟਰ, ਡਾ. ਧਰਮਿੰਦਰ ਢਿੱਲੋਂ, ਮਿਸ ਬਰਨਿੰਦਰ ਪਾਲ ਸੇਖੋਂ, ਡਾਇਰੈਕਟਰ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਨਰਿੰਦਰ ਬੱਸੀ ਕੋਆਰਡੀਨੇਟਰ ਕਰਨੈਲ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵੀ ਮੌਜੂਦ ਰਹੇ। ਕੈਂਪ ਵਿੱਚ ਤਜਾਰਬੇਕਾਰ ਡਾਕਟਰਾਂ ਅਤੇ ਸਿਹਤ ਵਿਸ਼ੇਸ਼ਕਾਂ ਦੀ ਟੀਮ ਵੱਲੋਂ ਲੋਕਾਂ ਨੂੰ ਸਿਹਤ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਕੈਂਸਰ ਜਾਗਰੂਕਤਾ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ, ਥਾਇਰਾਇਡ ਟੈਸਟ ਅਤੇ ਸਲਾਹ-ਮਸ਼ਵਰਾ, ਅੰਦਰੂਨੀ ਬਿਮਾਰੀਆਂ ਦੀ ਸਕ੍ਰੀਨਿੰਗ ਸਮੇਤ ਕਈ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਔਰਤਾਂ ਲਈ ਪੈਪ ਸਮੀਅਰ ਟੈਸਟ ਅਤੇ ਪੁਰਸ਼ਾਂ ਲਈ ਪੀਐੱਸਏ ਟੈਸਟ ਵਰਗੀਆਂ ਖ਼ਾਸ ਜਾਂਚਾਂ ਵੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਖੂਨ ਦੇ ਕੈਂਸਰ, ਮੂੰਹ ਅਤੇ ਗਲੇ ਦੀ ਜਾਂਚ ਅਤੇ ਹੱਡੀਆਂ ਨਾਲ ਸਬੰਧਿਤ ਟੈਸਟ ਵੀ ਕਰਵਾਏ ਗਏ। ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਆਮ ਦਵਾਈਆਂ ਵੰਡੀਆਂ ਗਈਆਂ ਅਤੇ ਕੈਂਸਰ ਦੇ ਖਤਰੇ ਹੇਠ ਆਉਣ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਮੈਡੀਕਲ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਗਿਆ। ਕੈਂਪ ਵਿੱਚ ਲੋਕਾਂ ਦੀ ਵੱਡੀ ਗਿਣਤੀ ਵਿੱਚ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਸਿਹਤ ਪ੍ਰਤੀ ਵਧ ਰਹੀ ਜਾਗਰੂਕਤਾ ਦਾ ਪ੍ਰਗਟਾਵਾ ਹੋਇਆ। ਇਸ ਮੌਕੇ ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਚੰਗੀ ਸਿਹਤ ਇਕ ਮਜ਼ਬੂਤ ਅਤੇ ਤਰੱਕੀਸ਼ੀਲ ਸਮਾਜ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮਕਸਦ ਹਰ ਵਿਅਕਤੀ ਤਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਅਤੇ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ-ਹਿਤੈਸ਼ੀ ਪਹਿਲਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਬਰਾੜ ਨੇ ਵਰਲਡ ਕੈਂਸਰ ਕੇਅਰ ਸੁਸਾਇਟੀ, ਡਾਕਟਰਾਂ, ਵਲੰਟੀਅਰਾਂ ਅਤੇ ਸਮਾਜਿਕ ਸਹਿਯੋਗੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨਿਸ਼ਕਾਮ ਸੇਵਾ ਨਾਲ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।