ਵੱਖ ਵੱਖ ਵਾਰਡਾਂ ਤੋਂ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰ ਤੋਲ ਰਹੇ ਨੇ ਆਪਣੇ ਪਰ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿਆਸੀ ਸਰਗਰਮੀ ਦਿਨੋਂ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਹਾਲਾਂਕਿ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਅਜੇ ਤਕ ਆਪਣੇ ਸਾਰੇ ਅਧਿਕਾਰਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ, ਪਰ ਸੰਭਾਵੀ ਦਾਅਵੇਦਾਰ ਲਗਾਤਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਮੈਦਾਨੀ ਹਾਲਾਤਾਂ ਦਾ ਅੰਦਾਜ਼ਾ ਲਗਾ ਰਹੇ ਹਨ। ਇਸ ਦਰਮਿਆਨ ਇਕ ਗੱਲ ਸਪੱਸ਼ਟ ਹੋ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਨਿਗਮ ਚੋਣਾਂ ਵਿੱਚ ਅਜ਼ਾਦ ਉਮੀਦਵਾਰਾਂ ਦੀ ਗਿਣਤੀ ਪਿਛਲੀਆਂ ਚੋਣਾਂ ਨਾਲੋਂ ਵੱਧ ਹੋ ਸਕਦੀ ਹੈ। ਅਕਾਲੀ ਦਲ ਹੁਣ ਤਕ 44 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕਾ ਹੈ, ਜਦੋਂਕਿ ਭਾਤਰੀ ਜਨਤਾ ਪਾਰਟੀ ਨੇ 28 ਵਾਰਡਾਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਪਰ ਆਪ ਤੇ ਕਾਂਗਰਸ ਨੇ ਅਜੇ ਤਕ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ।
ਸ਼ਹਿਰ ਦੇ ਕਈ ਵਾਰਡਾਂ ਵਿੱਚ ਟਿਕਟਾਂ ਨੂੰ ਲੈ ਕੇ ਪਾਰਟੀਆਂ ਅੰਦਰ ਖਿੱਚੋਤਾਣ ਜਾਰੀ ਹੈ। ਕਈ ਵਰਕਰ ਅਤੇ ਸਥਾਨਕ ਆਗੂ ਆਪਣੀ ਦਾਅਵੇਦਾਰੀ ਮਜ਼ਬੂਤ ਦੱਸ ਰਹੇ ਹਨ, ਪਰ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਅਜ਼ਾਦ ਤੌਰ ’ਤੇ ਚੋਣ ਲੜਨ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਖਾਸ ਤੌਰ ’ਤੇ ਉਹ ਵਾਰਡ ਜਿੱਥੇ ਪਿਛਲੇ ਕਈ ਸਾਲਾਂ ਤੋਂ ਇੱਕੋ ਪਰਿਵਾਰ ਜਾਂ ਗਰੁੱਪ ਦਾ ਪ੍ਰਭਾਵ ਰਿਹਾ ਹੈ, ਉੱਥੇ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਵਾਰਡ ਨੰਬਰ 26 ਵਿੱਚ ਵੀ ਚੋਣਾਵੀ ਮਾਹੌਲ ਦਿਲਚਸਪ ਬਣਦਾ ਜਾ ਰਿਹਾ ਹੈ। ਇੱਥੇ ਦੋ ਅਜ਼ਾਦ ਉਮੀਦਵਾਰਾਂ ਵੱਲੋਂ ਮੈਦਾਨ ਵਿੱਚ ਉਤਰਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵੇਂ ਉਮੀਦਵਾਰ ਆਪਣੇ-ਆਪਣੇ ਖੇਤਰ ਵਿੱਚ ਸਰਗਰਮ ਮੰਨੇ ਜਾਂਦੇ ਹਨ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਰਾਹੀਂ ਸਮਰਥਨ ਇਕੱਠਾ ਕਰਨ ਵਿੱਚ ਜੁਟੇ ਹੋਏ ਹਨ। ਸੂਤਰਾਂ ਅਨੁਸਾਰ ਦੋਵੇਂ ਦਾਅਵੇਦਾਰ ਪਿਛਲੇ ਸਮੇਂ ਵਿੱਚ ਅਕਾਲੀ ਦਲ ਨਾਲ ਜੁੜੇ ਰਹੇ ਹਨ, ਪਰ ਇਸ ਵਾਰ ਪਾਰਟੀ ਟਿਕਟਾਂ ਦੀ ਅਣਿਸ਼ਚਿਤਤਾ ਕਾਰਨ ਅਜ਼ਾਦ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਇੱਥੋਂ ਕੁਲਦੀਪ ਸਿੰਘ ਕੇਬਲ ਵਾਲਾ ਅਤੇ ਸੁਖਮੰਦਰ ਸਿੰਘ ਕਾਕਾ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਇਸ ਤਰ੍ਹਾਂ ਬਾਬਾ ਫਰੀਦ ਨਗਰ ਵਿੱਚੋਂ ਸਾਬਕਾ ਕੌਂਸਲਰ ਡਾ. ਮੁਕੇਸ਼ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਹਨ। ਉਹ ਲਾਗਾਤਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਨਾਲ ਜੋੜ ਰਹੇ ਹਨ। ਇਸ ਤਰ੍ਹਾਂ ਵਾਰਡ ਨੰਬਰ 14 ਤੋਂ ਅਜ਼ਾਦ ਉਮੀਦਵਾਰ ਹਰਪਾਲ ਸਿੰਘ ਸਿੱਧੂ ਨੇ ਚੋਣ ਲੜ ਦਾ ਐਲਾਨ ਕੀਤਾ ਹੈ।
ਸ਼ਹਿਰ ਦੇ ਵੋਟਰਾਂ ਦਾ ਕਹਿਣਾ ਹੈ ਕਿ ਇਸ ਵਾਰ ਲੋਕ ਵਿਕਾਸ ਕਾਰਜਾਂ ਅਤੇ ਸਥਾਨਕ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣ ਦੇ ਮੂਡ ਵਿੱਚ ਹਨ। ਇਲਾਕੇ ਵਿੱਚ ਸੜਕਾਂ ਦੀ ਮੁਰੰਮਤ, ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਮੁੱਖ ਚੋਣਾਵੀ ਮੁੱਦੇ ਬਣ ਸਕਦੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਵੱਡੀਆਂ ਪਾਰਟੀਆਂ ਵਿੱਚ ਟਿਕਟਾਂ ਦੀ ਖਿੱਚਤਾਣ ਜਾਰੀ ਰਹੀ ਤਾਂ ਕਈ ਨਾਰਾਜ਼ ਆਗੂ ਅਜ਼ਾਦ ਤੌਰ ’ਤੇ ਮੈਦਾਨ ਵਿੱਚ ਆ ਸਕਦੇ ਹਨ, ਜਿਸ ਨਾਲ ਮੁਕਾਬਲੇ ਹੋਰ ਰੌਚਕ ਬਣਣ ਦੀ ਸੰਭਾਵਨਾ ਹੈ। ਅਜ਼ਾਦ ਉਮੀਦਵਾਰਾਂ ਦੀ ਵੱਧਦੀ ਗਿਣਤੀ ਕਾਰਨ ਰਵਾਇਤੀ ਸਿਆਸੀ ਸਮੀਕਰਨ ਵੀ ਪ੍ਰਭਾਵਿਤ ਹੋ ਸਕਦੇ ਹਨ। ਫਿਲਹਾਲ ਸ਼ਹਿਰ ਵਿੱਚ ਚੋਣਾਂ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਹੈ ਅਤੇ ਹਰ ਵਾਰਡ ਵਿੱਚ ਸੰਭਾਵੀ ਉਮੀਦਵਾਰ ਆਪਣੇ ਸਮਰਥਨ ਅਧਾਰ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਆਉਣ ਵਾਲੇ ਦਿਨਾਂ ਵਿੱਚ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਚੋਣਾਵੀ ਤਸਵੀਰ ਹੋਰ ਸਪੱਸ਼ਟ ਹੋਵੇਗੀ।