ਸਿਹਤ ਵਿਭਾਗ ਨੇ ਨਰਸਿੰਗ ਕੇਡਰ ਦੀਆਂ ਸੇਵਾਵਾਂ ਨੂੰ ਕੀਤਾ ਸਿਜਦਾ
ਸਿਹਤ ਵਿਭਾਗ ਨੇ ਨਰਸਿੰਗ ਕੇਡਰ ਦੀਆਂ ਸੇਵਾਵਾਂ ਨੂੰ ਕੀਤਾ ਸਿਜਦਾ
Publish Date: Thu, 14 May 2026 04:28 PM (IST)
Updated Date: Thu, 14 May 2026 04:30 PM (IST)
ਬਠਿੰਡਾ : ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਡਾਕਟਰਾਂ ਦੇ ਨਾਲ-ਨਾਲ ਨਰਸਾਂ ਦੀ ਭੂਮਿਕਾ ਸਭ ਤੋਂ ਉੱਪਰ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਵਿਸ਼ਵ ਨਰਸ ਦਿਵਸ ਮੌਕੇ ਨਰਸਿੰਗ ਸਟਾਫ ਨੂੰ ਵਧਾਈ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਆਪਣੀਆਂ ਨਰਸਾਂ ਦੀਆਂ ਸੇਵਾਵਾਂ ’ਤੇ ਮਾਣ ਹੈ, ਜੋ ਦਿਨ-ਰਾਤ ਮਰੀਜ਼ਾਂ ਦੀ ਦੇਖਭਾਲ ਲਈ ਤਤਪਰ ਰਹਿੰਦੀਆਂ ਹਨ। ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਡਾ. ਪ੍ਰੀਤਮਨਿੰਦਰ ਨੇ ਕਿਹਾ ਕਿ ਡਾਕਟਰ ਸਿਰਫ਼ ਦਵਾਈ ਲਿਖਦਾ ਹੈ, ਪਰ ਉਸ ਦਵਾਈ ਦਾ ਅਸਰ ਮਰੀਜ਼ ਦੀ ਦੇਖਭਾਲ ’ਤੇ ਨਿਰਭਰ ਕਰਦਾ ਹੈ ਜੋ ਕਿ ਨਰਸਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਕੇਡਰ ਨੇ ਕਰੋਨਾ ਵਰਗੀ ਮਹਾਮਾਰੀ ਦੌਰਾਨ ਬੇਮਿਸਾਲ ਕੰਮ ਕਰ ਕੇ ਆਪਣੇ ਰੁਤਬੇ ਨੂੰ ਹੋਰ ਉੱਚਾ ਕੀਤਾ ਹੈ। ਇਸ ਮੌਕੇ ਸਮੂਹ ਨਰਸਿੰਗ ਸਟਾਫ ਅਤੇ ਸਿਖਿਆਰਥੀਆਂ ਵੱਲੋਂ ਮਰੀਜ਼ਾਂ ਦੀ ਤਨੋ-ਮਨੋ ਸੇਵਾ ਕਰਨ ਦਾ ਪ੍ਰਣ ਲਿਆ ਗਿਆ। ਸਿਹਤ ਵਿਭਾਗ ਵੱਲੋਂ ਡਿਊਟੀ ਪ੍ਰਤੀ ਸਮਰਪਿਤ ਰਹਿਣ ਵਾਲੀਆਂ ਨਰਸਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ ਤਾਂ ਜੋ ਉਨ੍ਹਾਂ ਦਾ ਮਨੋਬਲ ਵਧਿਆ ਰਹੇ।