ਸੇਂਟ ਜ਼ੇਵੀਅਰਜ਼ ਸਕੂਲ ’ਚ ਫਾਦਰ ਫਰਨਾਂਡਿਜ ਨੂੰ ਦਿੱਤੀ ਵਿਦਾਇਗੀ
ਸੇਂਟ ਜ਼ੇਵੀਅਰਜ਼ ਸਕੂਲ ‘ਚ ਫਾਦਰ ਯੂਲਾਲੀਓ ਫਰਨਾਂਡਿਜ ਨੂੰ ਭਾਵੁਕ ਵਿਦਾਇਗੀ ਦਿੱਤੀ
Publish Date: Sun, 10 May 2026 08:12 PM (IST)
Updated Date: Mon, 11 May 2026 04:13 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਫੂਲ ਵਿਖੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਪ੍ਰੇਮ ਲਤਾ ਅਤੇ ਅੰਜੂ ਬਾਲਾ ਦੀ ਅਗਵਾਈ ਹੇਠ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਦੇ ਸਨਮਾਨ ’ਚ ਵਿਦਾਇਗੀ ਸਮਾਗਮ ਕਰਵਾਇਆ। ਇਸ ਮੌਕੇ ਫਾਦਰ ਯੂਲਾਲੀਓ ਫਰਨਾਂਡਿਜ ਨੂੰ ਭਾਵੁਕ ਮਾਹੌਲ ’ਚ ਵਿਦਾਇਗੀ ਪਾਰਟੀ ਵੀ ਦਿੱਤੀ। ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਮਨਮੋਹਕ ਗੀਤਾਂ ਰਾਹੀਂ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੈਸਟਰਨ ਡਾਂਸ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਭੰਗੜੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸੀਨੀਅਰ ਵਿਦਿਆਰਥੀਆਂ ਵੱਲੋਂ ਨਾਟਕ ਰਾਹੀਂ ਫਾਦਰ ਯੂਲਾਲੀਓ ਫਰਨਾਂਡਿਜ ਦੇ ਵਿਲੱਖਣ ਯੋਗਦਾਨ ਤੇ ਸਕੂਲ ਲਈ ਕੀਤੀਆਂ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਆਪਣੇ ਸੰਬੋਧਨ ਵਿੱਚ ਫਾਦਰ ਯੂਲਾਲੀਓ ਫਰਨਾਂਡਿਜ ਦੀ ਸਾਦਗੀ, ਨਿਮਰਤਾ ਤੇ ਦਿਆਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਕੂਲ ਨੇ ਹਰ ਸਾਲ ਸ਼ਾਨਦਾਰ ਨਤੀਜੇ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ ਵਿਚ ਵਿਸ਼ੇਸ਼ ਮਾਣ ਹਾਸਲ ਕੀਤਾ ਹੈ। ਫਾਦਰ ਮੈਥਾਅਇਸ ਨੇ ਵੀ ਸਕੂਲ ਦੀ ਤਰੱਕੀ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਤੇ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਵਿਦਿਆਰਥੀਆਂ ਨੂੰ ਮਾਤਾ-ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰਨ ਤੇ ਸਖ਼ਤ ਮਿਹਨਤ ਕਰਨ ਨਾਲ ਬੋਰਡ ਪ੍ਰੀਖਿਆਵਾਂ ’ਚ ਸਕੂਲ ਦੀ ਸ਼ਾਨ ਬਰਕਰਾਰ ਰੱਖਣ ਲਈ ਪ੍ਰੇਰਿਆ। ਸਕੂਲ ਦੇ ਹੈੱਡ ਬੁਆਏ ਪ੍ਰਭਨੂਰ ਸਿੰਘ ਨੇ ਫਾਦਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਵਾਅਦਾ ਕੀਤਾ। ਅੰਤ ਵਿੱਚ ਸਕੂਲ ਦੇ ਸਮੂਹ ਸਟਾਫ਼ ਨੇ ਫਾਦਰ ਯੂਲਾਲੀਓ ਫਰਨਾਂਡਿਜ ਦੀਆਂ ਸਿੱਖਿਆਵਾਂ ਨੂੰ ਅਮਲ ’ਚ ਲਿਆਉਂਦਿਆਂ ਸਕੂਲ ਦੀ ਬਿਹਤਰੀ ਲਈ ਨਿਰੰਤਰ ਕੰਮ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੇ ਅੰਤ ’ਚ ਸਕੂਲ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀਆਂ।