ਐੱਨਡੀਆਰਐੱਫ ਦੀ ਟੀਮ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦਿੱਤੀ ਟ੍ਰੇਨਿੰਗ
ਬੀਸੀਐੱਲ ਇੰਡਸਟਰੀ ਦੇ ਡਿਸਟਿੱਲਰੀ ਯੂਨਿਟ ਵਿਖੇ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Sun, 10 May 2026 08:05 PM (IST)
Updated Date: Mon, 11 May 2026 04:13 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਬੀਸੀਐੱਲ ਇੰਡਸਟਰੀਜ਼ ਲਿਮਟਿਡ ਦੇ ਸੰਗਤ ਵਿਖੇ ਸਥਿਤ ਡਿਸਟਿੱਲਰੀ ਯੂਨਿਟ ਵਿਚ ਇਕ ਵਿਸ਼ੇਸ਼ ਉਦਯੋਗਿਕ ਸੁਰੱਖਿਆ ਤੇ ਕਿੱਤਾਮੁਖੀ ਸਿਹਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡਾਇਰੈਕਟਰ ਆਫ਼ ਫੈਕਟਰੀਜ਼ ਦੀ ਅਗਵਾਈ ਹੇਠ ਐਨਡੀਆਰਐੱਫ ਦੀ 7ਵੀਂ ਬਟਾਲੀਅਨ ਦੀ ਵਿਸ਼ੇਸ਼ ਟੀਮ ਵੱਲੋਂ ਉਦਯੋਗਿਕ ਯੂਨਿਟ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਸਿਖਲਾਈ ਸੈਸ਼ਨ ਦੌਰਾਨ ਐਨਡੀਆਰਐੱਫ ਦੇ ਸਬ-ਇੰਸਪੈਕਟਰ ਨਿਤਿਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਮਚਾਰੀਆਂ ਨੂੰ ਕਿਸੇ ਵੀ ਖਤਰਨਾਕ ਸਥਿਤੀ ਨਾਲ ਨਿਪਟਣ ਅਤੇ ਸੁਰੱਖਿਆ ਬਣਾਈ ਰੱਖਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਐੱਨਡੀਆਰਐੱਫ ਤੇ ਕੰਪਨੀ ਦੇ ਕਰਮਚਾਰੀਆਂ ਵੱਲੋਂ ਮਿਲ ਕੇ ਕਈ ਸੁਰੱਖਿਆ ਪ੍ਰੋਗਰਾਮ ਪ੍ਰੈਕਟਿਕਲ ਤੌਰ ‘ਤੇ ਵੀ ਕੀਤੇ ਗਏ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਡਾ. ਵਿਸ਼ਾਲ ਸਿੰਗਲਾ ਵੱਲੋਂ ਫੈਕਟਰੀ ਅੰਦਰ ਕਰਮਚਾਰੀਆਂ ਦੀ ਸੁਰੱਖਿਆ ਤੇ ਕਿੱਤਾਮੁਖੀ ਸਿਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਾਗਰੂਕਤਾ ਸਮਾਗਮ ਦੇ ਅਗਲੇ ਸੈਸ਼ਨ ਦੌਰਾਨ ਸਿਵਲ ਡਿਫੈਂਸ ਬਠਿੰਡਾ ਤੋਂ ਪਹੁੰਚੇ ਡਿਪਟੀ ਚੀਫ਼ ਵਾਰਡਨ ਨਰਿੰਦਰ ਬੱਸੀ ਵੱਲੋਂ ਕਰਮਚਾਰੀਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਐੱਚਆਈਵੀ ਤੇ ਨਸ਼ਿਆਂ ਵਰਗੇ ਵਿਸ਼ਿਆਂ ‘ਤੇ ਵੀ ਵਿਸਥਾਰਪੂਰਵਕ ਲੈਕਚਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਸੇਫਟੀ ਕੌਂਸਲ ਆਫ਼ ਪੰਜਾਬ ਵੱਲੋਂ ਸਰਟੀਫਿਕੇਟ ਵੀ ਦਿੱਤੇ। ਇਸ ਤੋਂ ਬਾਅਦ ਕੰਪਨੀ ਦੇ ਸੀਨੀਅਰ ਜੀਐੱਮ ਐੱਸਐੱਸ ਸੰਧੂ ਵੱਲੋਂ ਐਨਡੀਆਰਐੱਫ ਟੀਮ ਅਤੇ ਹੋਰ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫੈਕਟਰੀ ਮੈਨੇਜਰ ਅਵਨੀਸ਼ ਰਾਓ, ਸਹਾਇਕ ਮੈਨੇਜਰ ਸੁਖਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਡਾ. ਗੁਰਪ੍ਰੀਤ ਸ਼ਰਮਾ ਵੀ ਹਾਜ਼ਰ ਸਨ।