ਐੱਨਐੱਸ ਮੈਮੋਰੀਅਲ ਸਕੂਲ ’ਚ ਮਦਰ ਡੇ ਮਨਾਇਆ
ਐਨਐਸ ਮੈਮੋਰੀਅਲ ਸਕੂਲ ਵਿੱਚ ਮਦਰ ਡੇ ਉਤਸ਼ਾਹ ਨਾਲ ਮਨਾਇਆ
Publish Date: Sat, 09 May 2026 07:58 PM (IST)
Updated Date: Sun, 10 May 2026 04:12 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ ਮਦਰ ਡੇ ਮੌਕੇ ਐਨਐਸ ਮੈਮੋਰੀਅਲ ਸਕੂਲ ਵਿੱਚ ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਕੂਲੀ ਬੱਚਿਆਂ ਲਈ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਢੰਗ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਅੰਗਰੇਜ਼ ਸਿੰਘ ਅਤੇ ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਸਿਰਫ਼ ਪਰਿਵਾਰ ਦੀ ਨੀਂਹ ਹੀ ਨਹੀਂ, ਸਗੋਂ ਸਮਾਜ ਦੀ ਸੱਚੀ ਮਾਰਗ ਦਰਸ਼ਕ ਵੀ ਹੁੰਦੀ ਹੈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਮਾਂ ‘ਤੇ ਆਧਾਰਿਤ ਇਕ ਭਾਵੁਕ ਸਕਿਟ ਵੀ ਪੇਸ਼ ਕੀਤੀ ਗਈ। ਸਕਿਟ ਵਿੱਚ ਮਾਂ ਦੇ ਤਿਆਗ, ਮਮਤਾ ਅਤੇ ਬੱਚਿਆਂ ਲਈ ਉਸ ਦੇ ਅਥਾਹ ਪਿਆਰ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਦਰਸਾਇਆ ਗਿਆ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੁਸਾਇਟੀ ਦੇ ਪ੍ਰਧਾਨ ਮੋਤੀ ਸ਼ਰਮਾ, ਸਕੱਤਰ ਪਵਨ ਪੰਕਜ, ਕੈਸ਼ੀਅਰ ਵਿਨੋਦ ਮਿੱਤਲ, ਚਿਰਾਗ ਗਰਗ, ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਰੰਗੀਲਾ ਅਤੇ ਯਸ਼ ਮਿੱਤਰ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।