ਸਿਹਤ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਅੱਗੇ ਲਾਇਆ ਧਰਨਾ
ਸਿਹਤ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ
Publish Date: Thu, 07 May 2026 07:17 PM (IST)
Updated Date: Thu, 07 May 2026 07:17 PM (IST)

- 19 ਮਈ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਦੀਪਕ ਸ਼ਰਮਾ, ਪੰਜਾਬੀ ਜਾਗਰਣ ਬਠਿੰਡਾ : ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਅਤੇ ਆਊਟਸੋਰਸ ਯੂਨੀਅਨ ਇਕਾਈ ਬਠਿੰਡਾ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੌਰਾਨ ਜ਼ਿਲ੍ਹੇ ਭਰ ਦੇ ਸਿਹਤ ਮੁਲਾਜ਼ਮਾਂ ਨੇ ਕੰਮਕਾਜ ਠੱਪ ਰੱਖਿਆ ਅਤੇ ਅਫ਼ਸਰਸ਼ਾਹੀ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਧਰਨਾ ਪਿਛਲੇ 8 ਮਹੀਨਿਆਂ ਤੋਂ ਲਟਕ ਰਹੇ ਮਸਲਿਆਂ ਦੇ ਹੱਲ ਨਾ ਹੋਣ ਕਰਕੇ ਲਗਾਇਆ ਗਿਆ ਹੈ। ਜਥੇਬੰਦੀ ਵੱਲੋਂ 10 ਦਿਨ ਪਹਿਲਾਂ ਹੀ ਸਿਵਲ ਸਰਜਨ ਨੂੰ ਨੋਟਿਸ ਦਿੱਤਾ ਗਿਆ ਸੀ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿਚ ਆਊਟਸੋਰਸ ਕਾਮਿਆਂ ਦੀ ਤਨਖਾਹ ਬਰਾਬਰਤਾ (ਪੇ ਪੈਰਿਟੀ), ਛੁੱਟੀਆਂ ਦਾ ਪ੍ਰਬੰਧ, ਬਕਾਇਆ ਤਨਖਾਹਾਂ ਅਤੇ ਈਪੀਐੱਫ ਦੇ ਬਕਾਏ ਜਮਾਂ ਕਰਵਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਅਫ਼ਸਰਸ਼ਾਹੀ ਵੱਲੋਂ ਸਿਹਤ ਕਾਮਿਆਂ ਨਾਲ ਕੀਤੀ ਜਾਂਦੀ ਅਭੱਦਰ ਭਾਸ਼ਾ ਦੀ ਵਰਤੋਂ, ਸਫ਼ਾਈ ਸੇਵਕਾਂ ਤੋਂ ਤੈਅ ਘੰਟਿਆਂ ਤੋਂ ਵੱਧ ਕੰਮ ਲੈਣਾ ਅਤੇ ਬਣਦੀਆਂ ਹਫ਼ਤਾਵਾਰੀ ਛੁੱਟੀਆਂ ਨਾ ਦੇਣ ਵਰਗੇ ਗੰਭੀਰ ਮਸਲੇ ਵੀ ਗੂੰਜੇ। ਇਸ ਤੋਂ ਇਲਾਵਾ ਆਊਟਸੋਰਸ ਜਥੇਬੰਦੀ ਨੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਫ਼ਰੀਦਕੋਟ ਵਿਚ ਐਚਐਮਆਈਐਸ ਪਾਇਲਟ ਪ੍ਰੋਜੈਕਟ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀਆਂ ਪਿਛਲੇ 5-6 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦਾ ਮੁੱਦਾ ਚੁੱਕਿਆ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਫ਼ਰੀਦਕੋਟ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਲਦੀ ਜਾਰੀ ਨਾ ਕੀਤੀਆਂ ਗਈਆਂ ਤਾਂ ਫ਼ਰੀਦਕੋਟ ਦੇ ਸਮਰਥਨ ਵਿਚ ਜ਼ਿਲ੍ਹਾ ਬਠਿੰਡਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ। ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ, ਕਨਵੀਨਰ ਮੁਨੀਸ਼ ਕੁਮਾਰ ਅਤੇ ਕੋ-ਕਨਵੀਨਰ ਕੁਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਅਤੇ ਸਿਹਤ ਡਾਇਰੈਕਟਰ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਤਨਖਾਹਾਂ ਵਧਾਉਣ ਬਾਰੇ ਕੋਈ ਠੋਸ ਹੱਲ ਨਹੀਂ ਨਿਕਲਿਆ, ਜਿਸ ਦੇ ਰੋਸ ਵਜੋਂ 19 ਮਈ 2026 ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 20 ਮਈ ਤੱਕ ਸਥਾਨਕ ਮਸਲੇ ਹੱਲ ਨਾ ਹੋਏ ਤਾਂ ਮੁੜ ਧਰਨਾ ਦਿੱਤਾ ਜਾਵੇਗਾ। ਸਿਵਲ ਸਰਜਨ ਨੇ ਮੁਕੇਸ਼ ਕੁਮਾਰ ਫੈਸਲੀਟੇਟਰ ਦੀ ਪੜਤਾਲੀਆ ਰਿਪੋਰਟ ਅਤੇ ਲੈਬ ਟੈਕਨੀਸ਼ੀਅਨਾਂ ਦੇ ਬਕਾਏ ਜਲਦੀ ਨਿਪਟਾਉਣ ਦਾ ਭਰੋਸਾ ਦਿੱਤਾ ਹੈ। ਅੱਜ ਦੇ ਧਰਨੇ ਨੂੰ ਭੁਪਿੰਦਰ ਪਾਲ ਕੌਰ ਮੈਂਬਰ ਐਨ.ਈ.ਸੀ., ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ), ਜਸਵਿੰਦਰ ਸ਼ਰਮਾ ਚੀਫ਼ ਆਰਗੇਨਾਇਜ਼ਰ, ਪਰਮਜੀਤ ਕੌਰ ਸਿੱਧੂ ਪ੍ਰਧਾਨ ਨਰਸਿੰਗ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਪ੍ਰਧਾਨ ਵਾਰਡ ਅਟੈਂਡੈਂਟ ਯੂਨੀਅਨ, ਹਾਕਮ ਸਿੰਘ ਪ੍ਰਧਾਨ ਐਮ.ਐਲ.ਟੀ. ਯੂਨੀਅਨ, ਵੀਰਪਾਲ ਕੌਰ ਸਟਾਫ਼ ਨਰਸ, ਸਵਰਨਜੀਤ ਕੌਰ ਸਟਾਫ਼ ਨਰਸ ਆਦਿ ਨੇ ਸੰਬੋਧਨ ਕੀਤਾ।