ਸ਼ੁਕਰਾਨਾ ਯਾਤਰਾ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣਗੇ ਮੁੱਖ ਮੰਤਰੀ
ਸ਼ੁਕਰਾਨਾ ਯਾਤਰਾ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣਗੇ ਮੁੱਖ ਮੰਤਰੀ
Publish Date: Thu, 07 May 2026 06:12 PM (IST)
Updated Date: Thu, 07 May 2026 06:14 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026 ਪਾਸ ਹੋਣ ਤੋਂ ਬਾਅਦ ਸੰਗਤ ਦਾ ਧੰਨਵਾਦ ਕਰਨ ਲਈ ਇਹ ਵਿਸ਼ੇਸ਼ ਯਾਤਰਾ ਕੱਢੀ ਜਾ ਰਹੀ ਹੈ। ਯਾਤਰਾ ਦੀ ਸ਼ੁਰੂਆਤ 6 ਮਈ ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਤੋਂ ਕੀਤੀ ਗਈ ਸੀ, ਜਿੱਥੇ ਅਰਦਾਸ ਕਰਨ ਤੋਂ ਬਾਅਦ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। 7 ਮਈ ਨੂੰ ਮੁੱਖ ਮੰਤਰੀ ਸਵੇਰੇ 9 ਵਜੇ ਹਲਕਾ ਬਠਿੰਡਾ ਸ਼ਹਿਰੀ ਪੁੱਜਣਗੇ, ਜਦੋਕਿ 9:45 ਵਜੇ ਹਲਕਾ ਬਠਿੰਡਾ ਦਿਹਾਤੀ ਵਿਚ ਸੰਗਤਾਂ ਦੇ ਰੂਬਰੂ ਹੋਣਗੇ। ਮੁੱਖ ਮੰਤਰੀ ਦਾ ਕਾਫ਼ਲਾ ਇਸ ਤੋਂ ਬਾਅਦ 10:35 ’ਤੇ ਤਲਵੰਡੀ ਸਾਬੋ ਪਹੁੰਚੇਗਾ, ਜਿੱਥੇ ਉਹ ਸਿੱਖ ਧਰਮ ਦੇ ਪਵਿੱਤਰ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਅਰਦਾਸ ਕਰਨਗੇ। ਇਸ ਤੋਂ ਬਾਅਦ ਉਹ 11:35 ਵਜੇ ਹਲਕਾ ਸਰਦੂਲਗੜ੍ਹ ਵਿਖੇ ਪੁੱਜਣਗੇ, ਜਦੋਂਕਿ ਦੁਪਿਹਰ 12:30 ਵਜੇ ਹਲਕਾ ਮਾਨਸਾ ਵਿਚ ਪਹੁੰਚਣਗੇ। ਆਮ ਆਦਮੀ ਪਾਰਟੀ ਦੇ ਆਗੂ ਰਾਜੂ ਢੱਡੇ ਨੇ ਦੱਸਿਆ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਯਾਤਰਾ ਦੇ ਅਗਲੇ ਪੜਾਅ ਵਿਚ 8 ਮਈ ਨੂੰ ਮੁੱਖ ਮੰਤਰੀ ਮਸਤੂਆਣਾ ਸਾਹਿਬ ਪਹੁੰਚਣਗੇ ਅਤੇ ਉੱਥੋਂ ਪਟਿਆਲਾ ਜਾਣਗੇ। ਪਟਿਆਲਾ ਵਿਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 8 ਅਤੇ 9 ਮਈ ਨੂੰ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ, ਜਿੱਥੇ ਮੁੱਖ ਮੰਤਰੀ ਸੰਗਤਾਂ ਨੂੰ ਮਿਲਣਗੇ। ਇਸ ਚਾਰ ਦਿਨਾਂ ਯਾਤਰਾ ਦਾ ਸਮਾਪਨ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿਚ ਆਖਰੀ ਅਰਦਾਸ ਨਾਲ ਕੀਤਾ ਜਾਵੇਗਾ।