98 ਕਿੱਲੋ ਭੁੱਕੀ ਤੇ 50 ਹਜ਼ਾਰ ਦੀ ਡਰੱਗ ਮਨੀ ਬਰਾਮਦ, ਦੋ ਕਾਬੂ
98 ਕਿੱਲੋ ਭੁੱਕੀ ਅਤੇ 50 ਹਜ਼ਾਰ ਦੀ ਡਰੱਗ ਮਨੀ ਬਰਾਮਦ, ਦੋ ਕਾਬੂ
Publish Date: Thu, 07 May 2026 05:21 PM (IST)
Updated Date: Thu, 07 May 2026 05:23 PM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ ਬਠਿੰਡਾ : ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਕੋਟਫੱਤਾ, ਪੁਲਿਸ ਚੌਂਕੀ ਇੰਡਸਟਰੀਅਲ ਏਰੀਆ ਅਤੇ ਥਾਣਾ ਸਦਰ ਬਠਿੰਡਾ ਦੀਆਂ ਪੁਲਿਸ ਟੀਮਾਂ ਵੱਲੋਂ ਸਾਂਝੇ ਤੌਰ ਤੇ ਅਮਲ ਵਿਚ ਲਿਆਂਦੀ ਗਈ। ਜਾਣਕਾਰੀ ਅਨੁਸਾਰ ਪੁਲਿਸ ਟੀਮਾਂ ਵੱਲੋਂ ਜੱਸੀ ਚੌਕ ਬਠਿੰਡਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 7 ਗੱਟੇ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ 98 ਕਿੱਲੋ ਪਾਇਆ ਗਿਆ। ਇਸ ਦੌਰਾਨ ਉਕਤ ਵਿਅਕਤੀਆਂ ਕੋਲੋਂ 50,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਫੜੇ ਗਏ ਕਥਿਤ ਮੁਲਜ਼ਮਾਂ ਦੀ ਪਛਾਣ ਬੀਲਾ ਸਰਾਂ ਅਤੇ ਹਰਗੋਬਿੰਦ ਸਿੰਘ ਉਰਫ਼ ਘੀਲਾ ਵਾਸੀ ਪਿੰਡ ਦੇਸੂ ਜੋਧਾ, ਜ਼ਿਲ੍ਹਾ ਸਿਰਸਾ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਹਨ ਪਰ ਜਿਸ ਦੀ ਆੜ ਵਿਚ ਉਹ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਕਥਿਤ ਦੋਸ਼ੀ ਬੀਲਾ ਸਰਾਂ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਦੇ 5 ਵੱਖ-ਵੱਖ ਮੁਕੱਦਮੇ ਦਰਜ ਹਨ। ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਪੁੱਛਗਿੱਛ ਜਾਰੀ ਹੈ। ਨਸ਼ਾ ਤਸਕਰੀ ’ਚ 7 ਕਾਬੂ : ਥਾਣਾ ਥਰਮਲ ਦੀ ਪੁਲਿਸ ਨੇ ਝੀਲ ਨੰਬਰ ਇਕ ਦੇ ਕੋਲੋਂ ਰਾਜਵਿੰਦਰ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਨੂੰ 2.65 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਕਥਿਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਮਾਨਿਤ ’ਤੇ ਰਿਹਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਿਵਲ ਲਾਈਨ ਦੀ ਪੁਲਿਸ ਨੇ ਭਾਗੂ ਰੋਡ ਤੋਂ ਸੂਰਜ ਕੁਮਾਰ ਵਾਸੀ ਦੰਗਾ ਪੀੜਤ ਕਾਲੋਨੀ ਨੂੰ 7.40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੂਜੇ ਪਾਸੇ ਥਾਣਾ ਸਿਟੀ ਰਾਮਪੁਰਾ ਨੇ ਪ੍ਰਦੀਪ ਸਿੰਘ ਵਾਸੀ ਰਾਮਪੁਰਾ ਨੂੰ 4.50 ਗ੍ਰਾਮ ਹੈਰੋਇਨ ਸਮੇਤ ਅਤੇ ਥਾਣਾ ਫੂਲ ਨੇ ਨਿਰਮਲ ਸਿੰਘ ਵਾਸੀ ਭਾਈਰੂਪਾ ਨੂੰ 2 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਜਾਰੀ ਰੱਖਦਿਆਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਪਾਹ ਮੰਡੀ ਖੇਤਰ ਵਿੱਚੋਂ ਗੌਰਵ ਮਿੱਤਲ ਵਾਸੀ ਕਾਲਿਆਵਾਲੀ (ਸਿਰਸਾ) ਨੂੰ 600 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਨੇਹੀਆਵਾਲਾ ਦੀ ਪੁਲਿਸ ਨੇ ਗੋਨਿਆਣਾ ਮੰਡੀ ਤੋਂ ਮੋਹਿਤ ਵਾਸੀ ਗੋਨਿਆਣਾ ਨੂੰ 75 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰਕੇ ਜਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਵਿਖੇ ਸੁਖਮਨੀ ਸਿੰਘ ਵਾਸੀ ਦਿਆਲਪੁਰਾ ਮਿਰਜ਼ਾ ਨੂੰ 50 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।