ਬਲਾਕ ਸੰਗਤ ਦੀਆਂ ਆਸ਼ਾ ਵਰਕਰਾਂ ਦਾ ਕੀਤਾ ਸਨਮਾਨ
ਬਲਾਕ ਸੰਗਤ ਦੀਆਂ ਆਸ਼ਾ ਵਰਕਰਾਂ ਨੂੰ ਕੀਤਾ ਸਨਮਾਨਿਤ
Publish Date: Tue, 28 Apr 2026 06:49 PM (IST)
Updated Date: Wed, 29 Apr 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਮੁਦਾਇਕ ਸਿਹਤ ਕੇਂਦਰ (ਸੀਐਚਸੀ) ਸੰਗਤ ਵਿਖੇ ਅੱਜ ਪਹਿਲਾ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਦੇਣ ਬਦਲੇ ਤਿੰਨ ਆਸ਼ਾ ਪਿੰਡ ਰਾਏਕੇ ਕਲਾਂ ਤੋਂ ਵੀਰਪਾਲ ਕੌਰ, ਪਿੰਡ ਬਾਂਡੀ ਤੋ ਕਰਮਜੀਤ ਕੌਰ ਅਤੇ ਪਿੰਡ ਕੁੱਟੀ ਤੋਂ ਲਖਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਸ਼ਾ ਨੂੰ ਡਾ. ਪਾਮਿਲ ਬਾਂਸਲ ਵੱਲੋਂ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਹੌਸਲਾ ਅਫਜਾਈ ਕੀਤੀ ਗਈ। ਐੱਸਐੱਮਓ ਡਾ. ਪਾਮਿਲ ਬਾਂਸਲ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਤੇ ਨਾਗਰਿਕਾਂ ਵਿਚਕਾਰ ਇਕ ਅਹਿਮ ਕੜੀ ਹਨ, ਜੋ ਸਿਹਤ ਸੇਵਾਵਾਂ ਨੂੰ ਘਰ ਘਰ ਤਕ ਪਹੁੰਚਾਉਂਦੀਆਂ ਹਨ ਅਤੇ ਨਾਲ ਹੀ ਨਾਗਰਿਕਾਂ ਦੀਆਂ ਸਿਹਤ ਮੁਸ਼ਕਿਲਾਂ ਬਾਰੇ ਜਾਣਕਾਰੀ ਸਿਹਤ ਅਧਿਕਾਰੀਆਂ ਤਕ ਵੀ ਪਹੁੰਚਾਉਂਦੀਆਂ ਹਨ। ਜੱਚਾ ਬੱਚਾ ਦੀ ਸਿਹਤ ਸੰਭਾਲ ਵਿੱਚ ਆਸ਼ਾ ਵਰਕਰ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਦੀ ਮਹੱਤਤਾ ਨੂੰ ਦੇਖਦੇ ਹੋਏ ਹਰ ਸਾਲ ਇਹ ਦਿਵਸ ਮਨਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਵਧੇਗਾ। ਆਈਈਸੀ ਗਤੀਵਿਧੀਆਂ ਦੇ ਨੋਡਲ ਅਧਿਕਾਰੀ ਅਤੇ ਬਲਾਕ ਪ੍ਰਸਾਰ ਸਿੱਖਿਅਕ ਸਾਹਿਲ ਪੁਰੀ ਨੇ ਦੱਸਿਆ ਕਿ ਇਸ ਮੌਕੇ ਸਾਲ ਭਰ ਵਿਚ ਸਭ ਤੋਂ ਵੱਧ ਕੰਮ ਕਰਨ ਵਾਲੀਆਂ ਤਿੰਨ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਇਨਾਮ ਪ੍ਰਾਪਤ ਕਰਨ ਵਾਲੀਆਂ ਆਸ਼ਾ ਵਰਕਰਾਂ ਵਾਂਗ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਜੇਤੂਆਂ ਨੂੰ ਵਧਾਈ ਦਿੱਤੀ।