ਜਿਤੇਸ਼ ਗਰਗ ਤੇ ਕਰਸ਼ਿਮਾ ਨੂਰ ਨੇ ਬਣਾਏ ਨਵੇਂ ਰਿਕਾਰਡ
ਨੈਸ਼ਨਲ ਤੇ ਇੰਟਰਨੈਸ਼ਨਲ ਅਬੈਕਸ ਮੁਕਾਬਲਿਆਂ ਵਿਚ ਸੇਟ ਜੇਵੀਅਰ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Mon, 27 Apr 2026 07:47 PM (IST)
Updated Date: Tue, 28 Apr 2026 04:13 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸੇਟ ਜੇਵੀਅਰ ਸਕੂਲ ਰਾਮਪੁਰਾ ਫੂਲ ਵੱਲੋਂ ਨੈਸ਼ਨਲ ਤੇ ਇੰਟਰਨੈਸ਼ਨਲ ਅਬੈਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਤੇ ਪੂਜਾ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸਕੂਲ ਕੋਆਰਡੀਨੇਟਰ ਪ੍ਰੇਮ ਲਤਾ ਨੇ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਵਿਚ ਹੋਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਕਰੀਬ 16 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਸਕੂਲ ਦੇ 52 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚ ਜਤਿਨ ਗੋਇਲ ਅਤੇ ਜਸਨੀਤ ਕੌਰ ਨੇ ਆਪਣੀਆਂ-ਆਪਣੀਆਂ ਕੈਟਾਗਰੀਆਂ ਵਿਚ ਪਹਿਲਾ ਸਥਾਨ ਹਾਸਲ ਕਰਦੇ ਹੋਏ 2100-2100 ਰੁਪਏ ਦੇ ਨਕਦ ਇਨਾਮ ਜਿੱਤੇ, ਜਦਕਿ ਰਿਸ਼ਿਤਾ ਗਰਗ, ਰਿਆਸ਼ੀ ਤੇ ਓਜਸਵੀ ਪ੍ਰਸ਼ਾਦ ਨੂੰ ਵਿਸ਼ੇਸ਼ ਇਨਾਮ ਮਿਲੇ। 31 ਦੇਸ਼ਾਂ ਦੇ ਲਗਭਗ 30 ਹਜ਼ਾਰ ਵਿਦਿਆਰਥੀਆਂ ਦੀ ਭਾਗੀਦਾਰੀ ਵਾਲੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਵਿਦਿਆਰਥਣ ਪ੍ਰਤਿਭਾ ਗੁਪਤਾ ਨੇ ਆਪਣੀ ਕੈਟਾਗਰੀ ਵਿਚ ਪਹਿਲਾ ਸਥਾਨ ਅਤੇ 2100 ਰੁਪਏ ਦਾ ਇਨਾਮ ਪ੍ਰਾਪਤ ਕੀਤਾ, ਜਦਕਿ ਗੀਤਾਂਸ਼ ਗਰਗ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ 1500 ਰੁਪਏ ਜਿੱਤੇ। ਨਕਸ਼ ਅਰੋੜਾ, ਮਾਨਿਆ ਅਤੇ ਮਿਹੁਲ ਗਰਗ ਨੂੰ ਵੀ ਵਿਸ਼ੇਸ਼ ਸਨਮਾਨ ਮਿਲੇ। ਸਮਾਗਮ ਦੌਰਾਨ ਜਿਤੇਸ਼ ਗਰਗ ਅਤੇ ਕਰਸ਼ਿਮਾ ਨੂਰ ਨੂੰ ਉਨ੍ਹਾਂ ਦੀਆਂ ਵਿਲੱਖਣ ਉਪਲਬਧੀਆਂ ਲਈ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਿਤੇਸ਼ ਗਰਗ ਨੇ 12,912 ਦਾ ਪਹਾੜਾ ਉਲਟੇ ਕ੍ਰਮ ’ਚ 100 ਲਾਈਨਾਂ ਤਕ ਸਿਰਫ 2 ਮਿੰਟ 23 ਸੈਕੰਡ ਵਿੱਚ ਸੁਣਾ ਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ। ਦੂਜੇ ਪਾਸੇ ਕਰਸ਼ਿਮਾ ਨੂਰ ਨੇ ਰੱਸੀ ਟੱਪਦੇ ਹੋਏ 289 ਦਾ ਪਹਾੜਾ 83 ਸੈਕੰਡ ਵਿੱਚ ਸੁਣਾ ਕੇ ਤੇ ਅੱਖਾਂ ’ਤੇ ਪੱਟੀ ਬੰਨ ਕੇ ਲੈਪਟਾਪ ’ਤੇ 1 ਤੋਂ 100 ਤੱਕ ਦੇ ਨੰਬਰ ਕੇਵਲ 30 ਸੈਕੰਡ ਵਿਚ ਟਾਇਪ ਕਰਕੇ ਵਿਸ਼ਵ ਰਿਕਾਰਡ ਬਣਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡਿਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਬੈਕਸ ਸਿੱਖਿਆ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਮੈਥ ਫੋਬੀਆ ਨੂੰ ਦੂਰ ਕਰਨ ਵਿਚ ਵੀ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵੀ ਤਿਆਰ ਕਰਦੀਆਂ ਹਨ। ਸਮਾਗਮ ਦੌਰਾਨ ਕੋਆਰਡੀਨੇਟਰ ਪ੍ਰੇਮਲਤਾ, ਸਪੋਰਟਸ ਕੋਚ ਗੁਰਪਿੰਦਰ ਸਿੰਘ ਭੁੱਲਰ ਅਤੇ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।