ਸਕੇਟਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜੇਤੂ ਸਨਮਾਨਿਤ
ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਸੇਂਟ ਜ਼ੇਵੀਅਰਜ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sun, 26 Apr 2026 09:41 PM (IST)
Updated Date: Mon, 27 Apr 2026 04:20 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰੋਲਰ ਸਕੇਟਿੰਗ ਚੈਂਪੀਅਨਸ਼ਿਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਬੀਤੇ ਦਿਨੀ ਲੁਧਿਆਣਾ ਦੇ ਗੁਰੂ ਨਾਨਕ ਸਕੂਲ ਸਰਾਭਾ ਨਗਰ ਵਿਖੇ ਹੋਈ ਤੀਜੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਵਿਦਿਆਰਥੀਆਂ ਨੇ ਬਿਹਤਰ ਖੇਡ ਦਿਖਾਈ। ਇਸ ਦੌਰਾਨ ਸੁਖਮਨਦੀਪ ਸਿੰਘ ਭੁੱਲਰ ਨੇ 1 ਲੈਪ ਰੇਸ ਵਿਚ ਸੋਨੇ ਦਾ ਤਮਗਾ ਅਤੇ 2 ਲੈਪ ਰੇਸ ਵਿਚ ਚਾਂਦੀ ਦਾ ਤਮਗਾ ਜਿੱਤਿਆ। ਖੁਸ਼ਾਂਤ ਮਿੱਤਲ ਨੇ 4 ਲੈਪ ਰੇਸ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ, ਜਦਕਿ ਨੰਨ੍ਹੀ ਖਿਡਾਰਨ ਨੱਵਿਆ ਮਿੱਤਲ ਨੇ 2 ਲੈਪ ਰੇਸ ਵਿਚ ਸੋਨਾ ਅਤੇ 1 ਲੈਪ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਖਾਸ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਮੋਹਾਲੀ ਵਿਚ ਹੋਈ ਆਲ ਇੰਡੀਆ ਸਪੀਡ ਸਕੇਟਿੰਗ ਪ੍ਰਮੋਸ਼ਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਾਬਲਿਯਤ ਦਾ ਲੋਹਾ ਮਨਵਾਇਆ। ਸੁਖਮਨਦੀਪ ਸਿੰਘ ਭੁੱਲਰ ਨੇ ਅੰਡਰ-14 ਵਰਗ ਵਿਚ 3000 ਅਤੇ 5000 ਮੀਟਰ ਰੇਸ ਵਿਚ ਸੋਨੇ ਦੇ ਤਮਗੇ ਜਿੱਤੇ, ਜਦਕਿ ਨੱਵਿਆ ਮਿੱਤਲ ਨੇ ਅੰਡਰ-9 ਵਰਗ ਵਿਚ 3000 ਅਤੇ 5000 ਮੀਟਰ ਰੇਸ ਵਿੱਚ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਅਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਾਂ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਾਂਗੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਖੇਡਾਂ ਦੇ ਅਧਿਆਪਕ ਗੁਰਪਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ, ਅਮਨਦੀਪ ਕੌਰ ਅਤੇ ਜੋਤੀ ਦੀ ਮਿਹਨਤ ਦੀ ਭਰਪੂਰ ਸਰਾਹਨਾ ਕੀਤੀ ਗਈ। ਸਮਾਗਮ ਦੌਰਾਨ ਕੋਆਰਡੀਨੇਟਰ ਪ੍ਰੇਮ ਲਤਾ, ਅੰਜੂ ਬਾਲਾ ਸਮੇਤ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ।