ਪੰਜਾਬੀ ਬਨਾਮ ਪ੍ਰਵਾਸੀ ਮੁੱਦਾ ਬਣਾਉਣ ਦਾ ਬਿਰਤਾਂਤ ਚਿੰਤਾਂ ਦਾ ਵਿਸ਼ਾ, ਜਨਤਕ ਜਥੇਬੰਦੀਆਂ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਨਹਿਰ ਬੰਦੀ ਕਰਕੇ ਪਿਛਲੇ ਡੇਢ ਮਹੀਨੇ ਤੋਂ ਸ਼ਹਿਰ ਵਾਸੀ ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਹਨ। ਇਸ ਮਸਲੇ ਨੂੰ ਤੂਲ ਦਿੰਦਿਆਂ ਥਰਮਲ ਵਾਲੇ ਪੁਲ ਹੇਠ ਝੁੱਗੀਆਂ ’ਚ ਕਈ ਸਾਲਾਂ ਤੋ ਰਹਿੰਦੇ ਆ ਰਹੇ ਗਰੀਬ ਭਾਟ, ਬੌਰੀਆ, ਯੂਪੀ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਮਜਦੂਰਾਂ ਦੀਆਂ ਝੁੱਗੀਆਂ ਨੂੰ ਬਿਨਾਂ ਬਦਲਵੇਂ ਪ੍ਰਬੰਧ ਕੀਤਿਆਂ ਪ੍ਰਸ਼ਾਸਨ ਵੱਲੋਂ ਢਾਹੁਣ ਅਤੇ ਇਸ ਮਸਲੇ ਨੂੰ ਪੰਜਾਬੀ ਬਨਾਮ ਪ੍ਰਵਾਸੀ ਮਸਲਾ ਬਨਾਉਣ ਦਾ ਬਿਰਤਾਂਤ ਸਿਰਜਣ ਸਬੰਧੀ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਠਿੰਡਾ ਅਤੇ ਤਰਕਸ਼ੀਲ ਸੁਸਾਇਟੀ ਬਠਿੰਡਾ ਇਕਾਈ ਨੇ ਡੂੰਘੀ ਚਿੰਤਾ ਜਾਹਰ ਕੀਤੀ ਹੈ। ਇਸ ਸਬੰਧੀ ਅੱਜ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਤਰਕਸ਼ੀਲ ਆਗੂ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਉਪਰੋਕਤ ਝੁੱਗੀ ਨਿਵਾਸੀ ਇਸ ਮੁਲਕ ਦੇ ਹੀ ਬਸ਼ਿੰਦੇ ਹਨ, ਬਠਿੰਡੇ ਅੰਦਰ ਵਾਰ ਵਾਰ ਉਜਾੜਾ ਹੰਢਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਕੋਲ ਸ਼ਹਿਰੀ ਹੋਣ ਦੇ ਜੱਦੀ ਪੁਸ਼ਤੀ ਰਿਕਾਰਡ ਮੌਜੂਦ ਹਨ, ਜਿਸਦੀ ਜ਼ਿਲ੍ਹਾ ਪ੍ਰਸ਼ਾਸਨ ਪੜਤਾਲ ਕਰ ਸਕਦਾ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਕੇ ਕੰਮ ਕਰਨ ਤੇ ਰਿਹਾਇਸ਼ ਰੱਖਣ ਦਾ ਸੰਵਿਧਾਨਕ ਅਧਿਕਾਰ ਹੈ। ਪਰ ਸੋਸ਼ਲ ਮੀਡੀਆ ਉਪਰ ਇਨ੍ਹਾਂ ਝੁੱਗੀ ਝੌਂਪੜੀ ਵਾਸੀਆਂ ਨੂੰ ਦਦੇਸ਼ੀ ਅਤੇ ਮੁਜਰਮ ਗਰਦਾਨ ਦੇਣ ਦੀ ਮੁਹਿੰਮ ਸਰਾਸਰ ਗਲਤ ਹੈ। ਭਾਈਚਾਰਕ ਸਾਂਝਾਂ ਦਰਮਿਆਨ ਦਰਾੜਾਂ ਖੜ੍ਹੀਆਂ ਕਰਨ ਦੀ ਮੁਹਿੰਮ ਨੂੰ ਰੋਕਣਾ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ। ਮਜਦੂਰ ਪਰਿਵਾਰਾਂ ਦੀ ਰਿਹਾਇਸ਼ ਦਾ ਬਦਲਵਾਂ ਪ੍ਰੁਬੰਧ ਕੀਤੇ ਬਗੈਰ ਉਨ੍ਹਾਂ ਦੀਆਂ ਝੂੱਗੀਆਂ ਢਾਹੁਣੀਆਂ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਸਰਾਸਰ ਉਲੰਘਣਾ ਹੈ ਅਤੇ ਉਨ੍ਹਾਂ ਦੀ ਬਦਲਵੀ ਰਿਹਾਇਸ਼ ਦੇ ਪ੍ਰਬੰਧ ਸਮੇਤ ਬਿਜਲੀ, ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ ਆਦਿ ਜਿਓਣ ਦੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਜਿੰਨ੍ਹੀ ਦੇਰ ਤਕ ਕੋਈ ਬਦਲਵੇਂ ਪ੍ਰਬੰਧ ਨਹੀਂ ਹੋ ਜਾਂਦੇ, ਉਦੋ ਤਕ ਉਨ੍ਹਾਂ ਨੂੰ ਐਥੇ ਹੀ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਦੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਕੀਤਾ ਜਾਵੇ ਅਤੇ ਝੀਲਾਂ ਦੇ ਆਸ ਪਾਸ ਰੇੜੀ ਫੜ੍ਹੀ ਵਾਲਿਆਂ ਦਾ ਰੁਜਗਾਰ ਨਾ ਉਜਾੜਿਆ ਜਾਵੇ ਅਤੇ ਐਥੇ ਸਾਫ਼ ਸਫਾਈ ਦੇ ਪ੍ਰਬੰਧ ਦੀ ਜਿੰਮੇਵਾਰੀ ਪ੍ਰਸਾਸ਼ਨ ਨਿਭਾਵੇ। ਸ਼ਹਿਰ ਵਾਸੀਆਂ ਦੇ ਸਰੋਕਾਰਾਂ ਨੂੰ ਮੁੱਖ ਰੱਖਦੇ ਹੋਏ ਝੀਲਾਂ ਦੇ ਆਲੇ ਦੁਆਲੇ ਕੰਡਿਆਲੀ ਵਾੜ ਕੀਤੀ ਜਾਵੇ। ਪੀਣ ਵਾਲੇ ਪਾਣੀ ਦੇ ਪ੍ਰਦੂਸ਼ਨ ਦੀ ਰੋਕਥਾਮ ਲਈ ਸਨਅਤੀ ਪ੍ਰਦੂਸ਼ਨ ਨੂੰ ਰੋਕਿਆ ਜਾਵੇ। ਸ਼ਹਿਰੀਆਂ ਨੂੰ ਸਫਾਈ ਸਬੰਧੀ ਜਾਗਰੂਕ ਕੀਤਾ ਜਾਵੇ। ਦੋਨਾਂ ਜਥੇਬੰਦੀਆਂ ਨੇ ਸ਼ਹਿਰ ਦੇ ਸੰਵੇਦਨਸ਼ੀਲ ਵਾਸੀਆਂ ਨੂੰ ਅਪੀਲ ਕੀਤੀ ਕਿ ਜਨ ਸਿਹਤ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਲਈ ਜਮਹੂਰੀ ਤੇ ਵਿਗਿਆਨਕ ਪਹੁੰਚ ਅਪਣਾਈ ਜਾਵੇ। ਕਿਸੇ ਖਾਸ ਹਿੱਸੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਿਆ ਜਾਵੇ। ਇਨ੍ਹਾਂ ਵਫਦਾਂ ਵਿਚ ਮੀਤ ਪ੍ਰਧਾਨ ਰਣਜੀਤ ਸਿੰਘ, ਐਡਵੋਕੇਟ ਸੁਦੀਪ ਸਿੰਘ, ਪ੍ਰਿਤਪਾਲ ਸਿੰਘ, ਬਲਦੇਵ ਮੱਲਣ, ਮਨੋਹਰ ਦਾਸ, ਸਿਕੰਦਰ ਧਾਲੀਵਾਲ, ਤਰਸੇਮ ਸਿੰਘ, ਰੁਲਦੂ ਸਿੰਘ ਤੇ ਰੇਖਾ ਰਾਣੀ ਸ਼ਾਮਲ ਸਨ।