ਸੇਂਟ ਜ਼ੇਵੀਅਰਜ ਸਕੂਲ ਵਿਖੇ ਕਾਉਂਸਿਲ ਇੰਡਕਸ਼ਨ ਸਮਾਰੋਹ ਸ਼ਾਨੋਂ-ਸ਼ੌਕਤ ਨਾਲ ਮਨਾਇਆ
ਸੇਂਟ ਜ਼ੇਵੀਅਰਜ ਸਕੂਲ ਵਿਖੇ ਕਾਉਂਸਿਲ ਇੰਡਕਸ਼ਨ ਸਮਾਰੋਹ ਸ਼ਾਨੋਂ-ਸ਼ੌਕਤ ਨਾਲ ਮਨਾਇਆ
Publish Date: Sun, 26 Apr 2026 09:36 PM (IST)
Updated Date: Mon, 27 Apr 2026 04:20 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ “ਕਾਉਂਸਿਲ ਇੰਡਕਸ਼ਨ 2026-ਲੀਡਰਸ਼ਿਪ ਦਾ ਇਕਰਾਰਨਾਮਾ” ਥੀਮ ਅਧੀਨ ਇਨਵੈਸਟਰ ਸੈਰੇਮਨੀ ਬੜੇ ਹੀ ਉਤਸਾਹ ਅਤੇ ਰੌਣਕ ਨਾਲ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾ ਕੇ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿਵਲ ਜੱਜ ਮਿਸ ਪ੍ਰੀਆ ਮਿੱਤਲ ਸ਼ਾਮਲ ਹੋਏ, ਜਿਨ੍ਹਾਂ ਦਾ ਸਕੂਲ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਅਤੇ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਤੇ ਮੈਡਮ ਅੰਜੂ ਬਾਲਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਦੀਪ ਜਲਾ ਕੇ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਵਾਗਤੀ ਗੀਤ, ਕਲਾਸੀਕਲ ਅਤੇ ਗਰੁੱਪ ਡਾਂਸ ਨੇ ਦਰਸ਼ਕਾਂ ਨੂੰ ਮੋਹ ਲਿਆ ਅਤੇ ਭਾਰਤੀ ਸੱਭਿਆਚਾਰ ਦੀ ਸੁੰਦਰ ਝਲਕ ਪੇਸ਼ ਕੀਤੀ।
ਇਸ ਮੌਕੇ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਨਵੇਂ ਚੁਣੇ ਕੈਬਨਿਟ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਆਪਣੀਆਂ ਜਿੰਮੇਵਾਰੀਆਂ ਨਿਮਰਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਨਵੇਂ ਕੈਬਨਿਟ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਗਈ ਅਤੇ ਉਨ੍ਹਾਂ ਨੂੰ ਬੈਜ਼ ਤੇ ਸੈਸ਼ੇ ਪਹਿਨਾਏ ਗਏ। ਮੈਂਬਰਾਂ ਵੱਲੋਂ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਵੀ ਚੁੱਕੀ ਗਈ। ਵਿਦਿਆਰਥੀਆਂ ਨੇ ਜ਼ੇਵੀਅਰ ਐਂਥਮ ਪੇਸ਼ ਕਰਕੇ ਮਾਹੌਲ ਨੂੰ ਦੇਸ਼ਭਗਤੀ ਰੰਗ ਵਿਚ ਰੰਗ ਦਿੱਤਾ। ਮੁੱਖ ਮਹਿਮਾਨ ਮਿਸ ਪ੍ਰੀਆ ਮਿੱਤਲ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿਚ ਸਕੂਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਆਪਣੇ ਘਰ ਵਰਗਾ ਅਹਿਸਾਸ ਹੋ ਰਿਹਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਵਧਣ ਅਤੇ ਲੀਡਰਸ਼ਿਪ ਦੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਧੰਨਵਾਦੀ ਸ਼ਬਦਾਂ ਅਤੇ ਰਾਸ਼ਟਰੀ ਗੀਤ ਨਾਲ ਹੋਈ।