ਫ਼ਤਿਹ ਕਾਲਜ ਰਾਮਪੁਰਾ ਫੂਲ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ
ਫ਼ਤਿਹ ਕਾਲਜ ਰਾਮਪੁਰਾ ਫੂਲ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ
Publish Date: Tue, 21 Apr 2026 08:10 PM (IST)
Updated Date: Wed, 22 Apr 2026 04:13 AM (IST)

ਫੋਟੋ: 26 ਕੈਪਸ਼ਨ: ਫਤਿਹ ਕਾਲਜ ਵਿਚ ਕਰਵਾਏ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਡਾ. ਨਰੇਸ਼ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਐਸਐਸ ਚੱਠਾ ਤੇ ਕਾਲਜ ਸਟਾਫ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਫ਼ਤਿਹ ਗਰੁੱਪ ਆਫ ਇੰਸਟੀਚਿਊਸਨਜ਼ ਰਾਮਪੁਰਾ ਫੂਲ ਵੱਲੋਂ “ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਅਤੇ ਸ਼ਹਾਦਤ” ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਬੜੀ ਸ਼ਰਧਾ, ਗੰਭੀਰਤਾ ਅਤੇ ਅਕਾਦਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਉਦੇਸ਼ ਨੌਵੀਂ ਪਾਤਸ਼ਾਹੀ ਦੇ ਜੀਵਨ-ਆਦਰਸ਼ਾਂ, ਉਨ੍ਹਾਂ ਦੀ ਆਤਮਿਕ ਬਾਣੀ ਦੀ ਗਹਿਰਾਈ ਅਤੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਸਹਿਣਸ਼ੀਲਤਾ ਲਈ ਦਿੱਤੀ ਗਈ ਮਹਾਨ ਸ਼ਹਾਦਤ ਨੂੰ ਵਿਦਵਤਾਪੂਰਣ ਢੰਗ ਨਾਲ ਉਜਾਗਰ ਕਰਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ। ਉਦਘਾਟਨੀ ਸਮਾਰੋਹ ਦੌਰਾਨ ਪ੍ਰਿੰਸੀਪਲ ਪ੍ਰੋ. ਬਘੇਲ ਸਿੰਘ ਨੇ ਸਵਾਗਤੀ ਭਾਸ਼ਣ ਵਿਚ ਵਿਦਵਾਨਾਂ, ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ ਨੂੰ ਮਨੁੱਖੀ ਅਜ਼ਾਦੀ, ਸੱਚਾਈ, ਨਿਰਭੀਕਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਉੱਚੀ ਮਿਸਾਲ ਐਲਾਨਿਆ। ਸਮਾਗਮ ਦੀ ਪ੍ਰਧਾਨਗੀ ਫ਼ਤਿਹ ਗਰੁੱਪ ਆਫ ਇੰਸਟੀਚਿਊਸਨਜ਼ ਦੇ ਚੇਅਰਮੈਨ ਐਸਐਸ ਚੱਠਾ ਨੇ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਵਿਵਾਦੀ ਸਮੇਂ ਵਿਚ ਗੁਰੂ ਸਾਹਿਬਾਨ ਦੇ ਜੀਵਨ-ਆਦਰਸ਼ਾਂ ਨੂੰ ਰੋਜ਼ਾਨਾ ਸਮਾਜਿਕ ਜੀਵਨ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਮੁੱਖ ਭਾਸ਼ਣਕਾਰ ਵਜੋਂ ਡਾ. ਰਮਨਪ੍ਰੀਤ ਕੌਰ, ਪ੍ਰੋਫੈਸਰ, ਪੰਜਾਬੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਨੇ ਗੁਰੂ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਅਤੇ ਬਾਣੀ ਦੇ ਆਤਮਿਕ ਸੰਦੇਸ਼ ਨੂੰ ਵਿਸਥਾਰ ਨਾਲ ਰੂਬਰੂ ਕਰਵਾਇਆ। ਮੁੱਖ ਮਹਿਮਾਨ ਵਜੋਂ ਡਾ. ਨਰੇਸ਼ ਕੁਮਾਰ, ਪ੍ਰੋਫੈਸਰ ਤੇ ਵਿਭਾਗ ਮੁਖੀ, ਪੰਜਾਬੀ ਤੇ ਡੋਗਰੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਇਤਿਹਾਸਕ ਅਤੇ ਵਿਚਾਰਧਾਰਾਤਮਕ ਮਹੱਤਵ ‘ਤੇ ਚਾਨਣ ਪਾਇਆ। ਉਨ੍ਹਾਂ ਖਾਸ ਤੌਰ ‘ਤੇ ਉਜਾਗਰ ਕੀਤਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਰਾਹੀਂ ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਰੱਖਿਆ ਲਈ ਡਟ ਕੇ ਖੜ੍ਹੇ ਹੋਣ ਦਾ ਅਮਿਟ ਸੰਦੇਸ਼ ਦਿੱਤਾ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਡਾ. ਅਮਨਦੀਪ ਸਿੰਘ ਬਰਾੜ , ਪ੍ਰੋਫੈਸਰ ਅਤੇ ਵਿਭਾਗ ਮੁਖੀ, ਪੰਜਾਬੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਅਤੇ ਡਾ. ਰਾਜਿੰਦਰ ਸਿੰਘ , ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੌਰਾਨ ਕਾਲਜ ਅਤੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸਬੰਧਤ ਅਧਿਆਪਕਾਂ ਤੇ ਖੋਜਾਰਥੀਆਂ ਵੱਲੋਂ ਖੋਜ ਪੇਪਰ ਪੇਸ਼ ਕੀਤੇ ਗਏ। ਸੈਮੀਨਾਰ ਵਿਚ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਹੋਰ ਰੁਚੀਸ਼ੀਲ ਵਿਅਕਤੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਅਕਾਦਮਿਕ ਚਿੰਤਨ ਨਾਲ ਭਰਪੂਰ ਵਾਤਾਵਰਣ ਬਣਾਇਆ ਰਿਹਾ। ਅੰਤ ਵਿਚ ਡਾ. ਜਗਵਿੰਦਰ ਸਿੰਘ ਸਿੱਧੂ , ਡੀਨ ਅਕਾਦਮਿਕ, ਫ਼ਤਿਹ ਗਰੁੱਪ ਆਫ ਇੰਸਟੀਚਿਊਸਨਜ਼ ਨੇ ਧੰਨਵਾਦੀ ਭਾਸ਼ਣ ਵਿਚ ਸਾਰੇ ਮਹਿਮਾਨਾਂ, ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਗਿਆਨ ਵਿਸਤਾਰ ਅਤੇ ਵਿਰਸੇ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਇਸ ਮੌਕੇ ਐਮ.ਡੀ. ਮਨਜੀਤ ਕੌਰ ਚੱਠਾ , ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ , ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਸੰਦੀਪ ਕੌਰ, ਪ੍ਰੋ. ਸੋਨਵਿੰਦਰ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਅਨੀਤਾ, ਪ੍ਰੋ. ਅਨੀਕਾ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ।