ਐੱਸਪੀ ਸਿਟੀ ਖ਼ਿਲਾਫ ਸੋਸ਼ਲ ਮੀਡੀਆ ’ਤੇ ਕੀਤੀ ਅਪਮਾਨਜਨਕ ਟਿੱਪਣੀ
ਐਸਪੀ ਸਿਟੀ ਖਿਲਾਫ ਸੋਸ਼ਲ ਮੀਡੀਆ ’ਤੇ ਕੀਤੀ ਅਪਮਾਨਜਨਕ ਟਿੱਪਣੀ
Publish Date: Thu, 18 Sep 2025 05:24 PM (IST)
Updated Date: Thu, 18 Sep 2025 05:26 PM (IST)

ਪ੍ਰਵਾਸੀ ਮਜ਼ਦੂਰਾਂ ਨੂੰ ਭਜਾਉਣ ਵਾਲਿਆਂ ਨੂੰ ਦਿੱਤੀ ਸੀ ਐੱਸਪੀ ਨੇ ਚੇਤਾਵਨੀ ਸ਼ਿਵ ਸੈਨਾ ਆਗੂ ਨੇ ਕੇਸ ਦਰਜ ਕਰਨ ਦੀ ਕੀਤੀ ਮੰਗ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਿਸੇ ਵਿਅਕਤੀ ਨੇ ਇੱਕ ਫੇਸਬੁੱਕ ਪੇਜ ਤੋਂ ਬਠਿੰਡਾ ਦੇ ਐੱਸਪੀ ਸਿਟੀ ਨਰਿੰਦਰ ਸਿੰਘ ਵਿਰੁੱਧ ਅਪਮਾਨਜਨਕ ਟਿੱਪਣੀ ਕੀਤੀ ਹੈ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ’ਚੋਂ ਕੱਢਣ ਅਤੇ ਉਨ੍ਹਾਂ ਦੀਆਂ ਰੇਹੜੀਆਂ ਹਟਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕੁਝ ਸ਼ਰਾਰਤੀ ਲੋਕ ਜਿੱਥੇ ਪਰਵਾਸੀ ਮਜ਼ਦੂਰਾਂ ਦੀਆਂ ਰੇਹੜੀਆਂ ਹਟਵਾ ਰਹੇ ਹਨ, ਉੱਥੇ ਹੀ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਨਾ ਕਾਨੂੰਨ ਦਾ ਉਲੰਘਣ ਹੈ। ਉਨ੍ਹਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਪਰਵਾਸੀ ਮਜ਼ਦੂਰਾਂ ਅਤੇ ਰੇਹੜੀਆਂ ਲਾਉਣ ਵਾਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਬਠਿੰਡਾ ਪੁਲਿਸ ਉਨ੍ਹਾਂ ਦੇ ਨਾਲ ਖੜੀ ਹੈ। ਇਸ ਤੋਂ ਬਾਅਦ ਇਕ ਫੇਸਬੁੱਕ ਪੇਜ ਤੋਂ ਨੌਜਵਾਨ ਨੇ ਐੱਸਪੀ ਸਿਟੀ ਖ਼ਿਲਾਫ਼ ਕਈ ਅਪਮਾਨ ਜਨਕ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਆਗੂ ਸਤਿੰਦਰ ਕੁਮਾਰ ਨੇ ਐੱਸਐੱਸਪੀ ਬਠਿੰਡਾ ਸਮੇਤ ਡੀਜੀਪੀ ਨੂੰ ਭੇਜੀ ਸ਼ਿਕਾਇਤ ਵਿਚ ਅਪਮਾਨ ਜਨਕ ਟਿੱਪਣੀਆਂ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਪਿੰਡ ਅਬੋਟਸਫੋਰਡ ਵਾਲੇ ਨਾਮ ਦੀ ਫੇਸਬੁੱਕ ਆਈਡੀ ਤੋਂ ਨੌਜਵਾਨ ਵੱਲੋਂ ਲਿਖਤੀ ਅਤੇ ਬੋਲ ਕੇ ਐੱਸਪੀ ਸਿਟੀ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਜਿੱਥੇ ਐਸਪੀ ਸਿਟੀ ਨਰਿੰਦਰ ਸਿੰਘ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਮਨੋਬਲ ਨੂੰ ਡੇਗਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਗਲਤ ਟਿੱਪਣੀਆਂ ਕਰਨ ਵਾਲੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਬਠਿੰਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।