ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੇ ਹੜ੍ਹ ਪੀੜਤਾਂ ਲਈ 51 ਹਜ਼ਾਰ ਦਿੱਤੇ
ਚੜਦੀ ਕਲਾ ਮਿਸ਼ਨ ਤਹਿਤ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੇ ਹੜ੍ਹ ਪੀੜਤਾਂ ਲਈ 51 ਹਜ਼ਾਰ ਦਿੱਤੇ
Publish Date: Thu, 18 Sep 2025 05:21 PM (IST)
Updated Date: Thu, 18 Sep 2025 05:23 PM (IST)

ਚੇਅਰਮੈਨ ਜਤਿੰਦਰ ਭੱਲਾ ਨੂੰ ਆਪਣੀ ਤਨਖਾਹ ਵਿੱਚੋਂ ਸੌਂਪੀ ਨਕਦੀ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਚੜ੍ਹਦੀ ਕਲਾ ਮਿਸ਼ਨ ਤਹਿਤ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹੜ੍ਹ ਪੀੜਤਾਂ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ। ਉਨ੍ਹਾਂ ਇਹ ਰਾਸ਼ੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੂੰ ਸੌਂਪ ਦਿੱਤੀ ਹੈ। ਜਿਹੜੇ ਕਿ ਇਹ ਰਾਸ਼ੀ ਚੜਦੀ ਕਲਾ ਮਿਸ਼ਨ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪਣਗੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਅੰਦਰ ਆਈ ਇਸ ਔਖੀ ਘੜੀ ਵਿਚ ਸਾਰਿਆਂ ਨੂੰ ਹੜ੍ਹ ਪੀੜਤ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਸਮੂਹ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਔਖੀ ਘੜੀ ਵਿਚ ਹੜ੍ਹ ਪੀੜਤਾਂ ਦਾ ਸਾਥ ਦਿੱਤਾ ਹੈ। ਭੱਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੜ੍ਹਦੀ ਕਲਾ ਮਿਸ਼ਨ ਤਹਿਤ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਆਪਣੀ ਤਨਖਾਹ ਵਿੱਚੋਂ 51 ਹਜ਼ਾਰ ਦੀ ਰਾਸ਼ੀ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਪਰਿਵਾਰਾਂ ਦਾ ਮੁੜ ਵਸੇਵਾ ਹੋ ਸਕੇ। ਭੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਖੇਤਰ ਦੇ 6 ਪਿੰਡ ਸੌਂਪੇ ਗਏ ਹਨ। ਜਿੱਥੇ ਉਹ ਦਵਾਈ, ਸਫਾਈ ਅਤੇ ਵਹਾਈ ਦਾ ਕੰਮ ਕਰਨਗੇ। ਜਦੋਂ ਤਕ ਉਕਤ ਪਿੰਡ 6 ਪਿੰਡਾਂ ਦੇ ਪੀੜਤ ਪਰਿਵਾਰਾਂ ਦਾ ਮੁੜ ਵਸੇਬਾ ਨਹੀਂ ਹੋ ਜਾਂਦਾ, ਉਦੋਂ ਤਕ ਉਹ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਲਾਲਾਬਾਦ ਖੇਤਰ ਵਿਚ ਵੀ ਹੋਰਨਾਂ ਖੇਤਰਾਂ ਵਾਂਗ ਹੜ੍ਹ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ। ਜਿੱਥੇ ਲੋਕਾਂ ਦੇ ਬਣਾਏ ਘਰ ਪਾਣੀ ਵਿਚ ਵਹਿ ਗਏ, ਉੱਥੇ ਹੀ ਫਸਲਾਂ ਤੇ ਪਸ਼ੂ ਡੰਗਰ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਆਖ ਦਿੱਤਾ ਹੈ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਪੀੜਤਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਜੀਵਨ ਬਾਂਸਲ ਕਾਰਜ ਸਾਧਕ ਅਫਸਰ, ਗੁਰਰਾਜ ਸਿੰਘ ਟਰੱਸਟ ਇੰਜੀਨੀਅਰ, ਮਿਨਾਲ ਬਾਂਸਲ ਜੇਈ, ਗਗਨਦੀਪ ਸਿੰਘ, ਹਰਮੰਦਰ ਸਿੰਘ ਜੂਨੀਅਰ ਸਹਾਇਕ, ਬੇਅੰਤ ਕੌਰ ਟਰੱਸਟ ਇੰਜੀਨੀਅਰ, ਸਰੂਪ ਕੌਰ ਸੀਨੀਅਰ ਸਹਾਇਕ ਅਤੇ ਹੋਰ ਸਟਾਫ ਮੈਬਰ ਵੀ ਹਾਜ਼ਰ ਸਨ।