ਪ੍ਰਦੂਸ਼ਣ ਬੋਰਡ ਦੇ ਜ਼ੋਨਲ ਦਫ਼ਤਰ ਨੂੰ ਕਿਸੇ ਵੀ ਕੀਮਤ ’ਤੇ ਬਦਲਣ ਨਹੀਂ ਦਿੱਤਾ ਜਾਵੇਗਾ: ਗੋਲਡੀ
ਪ੍ਰਦੂਸ਼ਣ ਬੋਰਡ ਦੇ ਜ਼ੋਨਲ ਦਫ਼ਤਰ ਨੂੰ ਕਿਸੇ ਵੀ ਕੀਮਤ ’ਤੇ ਬਦਲਣ ਨਹੀਂ ਦਿੱਤਾ ਜਾਵੇਗਾ: ਗੋਲਡੀ
Publish Date: Thu, 18 Sep 2025 05:18 PM (IST)
Updated Date: Thu, 18 Sep 2025 05:20 PM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਪ੍ਰਦੂਸ਼ਣ ਬੋਰਡ ਦਾ ਜ਼ੋਨਲ ਦਫ਼ਤਰ ਬਠਿੰਡਾ ਤੋਂ ਫਰੀਦਕੋਟ ਬਦਲਣ ਕਾਰਨ ਉਦਯੋਗਪਤੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸ੍ਰੋਮਣੀ ਅਕਾਲੀ ਦਲ ਬਾਦਲ ਉਦਯੋਗਪਤੀਆਂ ਦੇ ਨਾਲ ਹੈ ਤੇ ਦਫ਼ਤਰ ਬਦਲਣ ’ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਬਾਦਲ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਸੀਲ ਕੁਮਾਰ ਗੋਲਡੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਬੋਰਡ ਦੇ ਜ਼ੋਨਲ ਦਫ਼ਤਰ ’ਚ ਬਠਿੰਡਾ ਸਮੇਤ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਤੇ ਫਾਜਿਲਕਾ ਦੇ ਉਦਯੋਗਪਤੀ ਆਉਦੇ ਸਨ, ਜੇਕਰ ਦਫ਼ਤਰ ਹੁਣ ਫਰੀਦਕੋਟ ਬਦਲ ਕੇ ਜਾਂਦਾ ਹੈ ਤਾਂ ਮਾਨਸਾ, ਸ੍ਰੀ ਮੁਕਤਸਰ ਸਾਹਿਬ ਤੇ ਫਾਜਿਲਕਾ ਦੇ ਉਦਯੋਗਪਤੀਆਂ ਦਾ ਬਹੁਤ ਜਿਆਦਾ ਸਮਾਂ ਖ਼ਰਾਬ ਹੋਵੇਗਾ ਤੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸ਼ੁਸੀਲ ਕੁਮਾਰ ਗੋਲਡੀ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਅਲੋਚਨਾ ਕੀਤੀ ਹੈ ਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਰੱਦ ਨਾ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਪ੍ਰਦੂਸ਼ਣ ਬੋਰਡ ਦੇ ਦਫ਼ਤਰ ਨੂੰ ਬਦਲਣ ਨਹੀਂ ਦੇਣਗੇ ਕਿਉਂਕਿ ਬਠਿੰਡਾ ਤੇ ਮਾਨਸਾ ਜਿ਼ਲਿਆਂ ਦੇ ਉਦਯੋਗਪਤੀਆਂ ਨੂੰ ਆਪਣੇ ਛੋਟੇ–ਮੋਟੇ ਕੰਮਾਂ ਲਈ ਫਰੀਦਕੋਟ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਉਦਯੋਗਪਤੀਆਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।