ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਬੈਂਕ ਤੋਂ ਲੋਨ ਲੈ ਕੇ ਖਰੀਦਿਆਂ ਟਰੈਕਟਰ, 8 ਖ਼ਿਲਾਫ਼ ਮਾਮਲਾ ਦਰਜ
ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਬੈਂਕ ਤੋਂ ਲੋਨ ਲੈ ਕੇ ਖਰੀਦਿਆਂ ਟਰੈਕਟਰ, 8 ਖ਼ਿਲਾਫ਼ ਮਾਮਲਾ ਦਰਜ
Publish Date: Thu, 18 Sep 2025 05:03 PM (IST)
Updated Date: Thu, 18 Sep 2025 05:05 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਰਹਿਣ ਵਾਲੇ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਹਿਲਾਂ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਬੈਂਕ ਤੋਂ ਕਰਜ਼ਾ ਪ੍ਰਾਪਤ ਕੀਤਾ ਅਤੇ ਬਾਅਦ ਵਿਚ ਕਰਜ਼ੇ ਦੀ ਰਕਮ ਤੋਂ ਇਕ ਨਵਾਂ ਟਰੈਕਟਰ ਖਰੀਦਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਨੂੰ ਸੁਨੇਹੇ ਭੇਜੇ, ਜਿਨ੍ਹਾਂ ਦੇ ਦਸਤਾਵੇਜ਼ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਜਮ੍ਹਾਂ ਕਰਵਾਏ ਗਏ ਸਨ। ਜਦੋਂ ਉਨ੍ਹਾਂ ਨੇ ਬੈਂਕ ਪਹੁੰਚ ਕੇ ਕੋਈ ਕਰਜ਼ਾ ਨਾ ਲੈਣ ਦੀ ਗੱਲੀ ਕਹੀ ਤਾਂ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਤਾਵੇਜ਼ ਦਿਖਾਏ ਤਾਂ ਉਹ ਹੈਰਾਨ ਰਹਿ ਗਏ। ਇਸ ਉਪਰੰਤ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਅੱਠ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਜੰਟ ਸਿੰਘ ਵਾਸੀ ਪਿੰਡ ਲਾਲੇਆਣਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਮੁਲਜ਼ਮ ਨਵਦੀਪ ਸਿੰਘ, ਤਰਸੇਮ ਸਿੰਘ ਅਤੇ ਗੁਰਦੀਪ ਸਿੰਘ, ਪਿੰਡ ਭਾਗੀਵਾਂਦਰ ਦੇ ਵਸਨੀਕ ਵਿਜੇ ਸਿੰਘ, ਪਿੰਡ ਫਲੱੜ ਦੇ ਵਸਨੀਕ ਸਿਦਬਾਜ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹੁਸਨਹ ਦੇ ਵਸਨੀਕ ਲਵਪ੍ਰੀਤ ਸਿੰਘ ਅਤੇ ਫਰੀਦਕੋਟ ਦੇ ਕੋਟਕਪੂਰਾ ਦੇ ਵਸਨੀਕ ਜੈਦੀਪ ਸ਼ਰਮਾ ਨਾਲ ਮਿਲ ਕੇ ਪੀੜਤ ਗੁਰਜੰਟ ਦੇ ਵੋਟਰ ਕਾਰਡ, ਪਿੰਡ ਨੋਰੰਗ ਦੇ ਵਸਨੀਕ ਜਗਸੀਰ ਸਿੰਘ ਅਤੇ ਗੁਰਜੰਟ ਸਿੰਘ ਦੇ ਪੈਨ ਕਾਰਡਾਂ ਅਤੇ ਪਿੰਡ ਭਾਗੀਵਾਂਦਰ ਦੇ ਵਸਨੀਕ ਜਗਸੀਰ ਸਿੰਘ ਦੇ ਵੋਟਰ ਕਾਰਡ ਦੀ ਦੁਰਵਰਤੋਂ ਕੀਤੀ, ਉਨ੍ਹਾਂ ਦੀ ਫੋਟੋ, ਪਤਾ ਅਤੇ ਜਨਮ ਮਿਤੀ ਬਦਲ ਦਿੱਤੀ। ਉਨ੍ਹਾਂ ਨੇ ਕੋਟਕ ਮਹਿੰਦਰਾ ਬੈਂਕ ਲਿਮਟਿਡ, ਲਿਬਰਟੀ ਚੌਕ ਤੋਂ ਟਰੈਕਟਰ ਲੋਨ ਪ੍ਰਾਪਤ ਕੀਤਾ ਅਤੇ ਲੋਨ ਦੀ ਰਕਮ ਦੀ ਵਰਤੋਂ ਕਰਕੇ ਇਕ ਨਵਾਂ ਟਰੈਕਟਰ ਖਰੀਦਿਆ। ਮੁਲਜ਼ਮਾਂ ਨੇ ਇਸ ਤਰ੍ਹਾਂ ਉਨ੍ਹਾਂ ਨਾਲ ਧੋਖਾਧੜੀ ਕੀਤੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।