ਹੜ੍ਹ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਿਆ
ਹੜ੍ਹ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Publish Date: Thu, 18 Sep 2025 05:02 PM (IST)
Updated Date: Thu, 18 Sep 2025 05:02 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ, ਬਠਿੰਡਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਵਫ਼ਦ ਨੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਸਾਹਮਣੇ ਗੇਟ ਰੈਲੀ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ’ਤੇ ਸਹਾਇਕ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਜਿਸ ’ਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਲਈ ਢੁੱਕਵਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਸਰਕਾਰ ਸਾਂਝੇ ਮੋਰਚੇ ਦੇ ਆਗੂਆਂ ਨਾਲ ਮੀਟਿੰਗਾਂ ਨੂੰ ਲਗਾਤਾਰ ਮੁਲਤਵੀ ਕਰ ਰਹੀ ਹੈ। ਜਿਸ ਕਾਰਨ ਕਰਮਚਾਰੀਆਂ ਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਹੈ। ਜਿਸ ਦੇ ਰੋਸ ਵਜੋਂ ਰੋਸ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਪ੍ਰੰਤੂ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸਾਂਝੇ ਫਰੰਟ ਨੇ ਫੈਸਲਾ ਲਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਇਸ ਕਰਕੇ ਇਹ ਰੋਸ ਪੱਤਰ ਦੇਣ ਦੇ ਪ੍ਰੋਗਰਾਮ ਵਿਚ ਤਬਦੀਲੀ ਕਰਕੇ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ। ਅੱਜ ਦੇ ਇਸ ਵਫਦ ਵਿਚ ਸਾਂਝਾ ਫਰੰਟ ਦੇ ਸਾਥੀ ਗਗਨਦੀਪ ਸਿੰਘ ਭੁੱਲਰ ਕਨਵੀਨਰ , ਦਰਸ਼ਨ ਸਿੰਘ ਮੌੜ ਪੈਨਸ਼ਨਰ ਆਗੂ , ਸਿਕੰਦਰ ਧਾਲੀਵਾਲ ਡੀ ਐਮ ਐਫ , ਹਰਨੇਕ ਸਿੰਘ ਗਹਿਰੀ ਪੀਐਸਐਸਐਫ 1406/22 ਬੀ , ਮਨਜੀਤ ਸਿੰਘ ਧੰਜਲ ਪੈਨਸ਼ਨਰਜ਼ ਐਸੋਸੀਏਸ਼ਨ ਥਰਮਲ, ਮਹਿੰਦਰਪਾਲ ਪੈਨਸ਼ਨਰ ਐਸੋਸੀਏਸ਼ਨ ,ਪਾਵਰ ਅਤੇ ਟਰਾਮਿਸ਼ਨ ਸਰਕਲ ਬਠਿੰਡਾ, ਬਲਰਾਜ ਸਿੰਘ ਮੌੜ, ਪ੍ਰਿੰਸੀਪਲ ਰਣਜੀਤ ਸਿੰਘ, ਰਜੇਸ਼ ਮੌੜ, ਰੂਪ ਸਿੰਘ, ਉਮੈਦ ਬਿਸਟ, ਗੁਰਮੇਲ ਸਿੰਘ ਆਦਿ ਆਗੂ ਸ਼ਾਮਲ ਹੋਏ।