ਹੜ੍ਹ ਪੀੜਤਾਂ ਦੀ ਮਦਦ ਲਈ ਜਲਾਲਾਬਾਦ ਅਤੇ ਫਾਜ਼ਿਲਕਾ ਦੇ 6 ਪਿੰਡ ਭੱਲਾ ਨੂੰ ਸੌਂਪੇ
ਹੜ੍ਹ ਪੀੜਤਾਂ ਦੀ ਮਦਦ ਲਈ ਜਲਾਲਾਬਾਦ ਅਤੇ ਫਾਜ਼ਿਲਕਾ ਦੇ 6 ਪਿੰਡ ਭੱਲਾ ਨੂੰ ਸੌਂਪੇ
Publish Date: Tue, 16 Sep 2025 06:05 PM (IST)
Updated Date: Tue, 16 Sep 2025 06:08 PM (IST)

ਮੁੜ ਵਸੇਵੇ ਤਕ 6 ਪਿੰਡਾਂ ਵਿਚ ਦੋ ਅਧਿਕਾਰੀਆਂ ਸਮੇਤ ਕੰਮ ਕਰਨਗੇ ਭੱਲਾ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਹੜ੍ਹ ਪੀੜਤਾਂ ਦੀ ਮਦਦ ਅਤੇ ਰਾਹਤ ਹੇਠਾਂ ਤਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਨਵੀਂ ਯੋਜਨਾ ਉਲੀਕੀ ਹੈ। ਇਸ ਤਹਿਤ ਵੱਖ ਵੱਖ ਸਰਕਾਰੀ ਨੁਮਾਇੰਦਿਆਂ, ਪਾਰਟੀ ਦੇ ਆਗੂਆਂ ਨੂੰ ਪਿੰਡਾਂ ਦੀ ਵੰਡ ਕੀਤੀ ਗਈ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੂੰ ਪੰਜਾਬ ਸਰਕਾਰ ਨੇ ਜਲਾਲਾਬਾਦ ਅਤੇ ਫਾਜ਼ਿਲਕਾ ਦੇ 6 ਪਿੰਡ ਸੌਂਪੇ ਗਏ ਹਨ, ਜਿੱਥੇ ਉਹ ਦੋ ਕਲਾਸ ਵਨ ਸਰਕਾਰੀ ਅਧਿਕਾਰੀਆਂ ਸਮੇਤ ਲੋਕਾਂ ਦੇ ਮੁੜ ਵਸੇਵੇ ਲਈ ਕੰਮ ਕਰਨਗੇ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਾਰੇ ਹੜ੍ਹ ਪੀੜਤ ਪਰਿਵਾਰਾਂ ਨੂੰ ਜਿੱਥੇ ਰਾਹਤ ਸਮੱਗਰੀ ਪਹੁੰਚੇ, ਉੱਥੇ ਹੀ ਬਣਦਾ ਮੁਆਵਜ਼ਾ ਵੀ ਉਨ੍ਹਾਂ ਨੂੰ ਮਿਲੇ। ਇਸ ਲਈ ਪੰਜਾਬ ਸਰਕਾਰ ਵੱਲੋਂ ਆਪ ਦੇ ਆਗੂਆਂ ਤੇ ਸਰਕਾਰੀ ਨੁਮਾਇੰਦਿਆਂ ਨੂੰ ਪਿੰਡਾਂ ਦੀ ਵੰਡ ਕੀਤੀ ਗਈ ਹੈ। ਜਤਿੰਦਰ ਭੱਲਾ ਦੇ ਨਾਲ ਏਆਰ ਸਵਰਨਦੀਪ ਸਿੰਘ ਅਤੇ ਏਡੀਓ ਅਨੀਤਾ ਰਾਣੀ ਜਲਾਲਾਬਾਦ ਅਤੇ ਫਾਜ਼ਿਲਕਾ ਦੇ 6 ਪਿੰਡਾਂ ਅੰਦਰ ਹੜ੍ਹ ਪੀੜਤਾਂ ਲਈ ਕੰਮ ਕਰਨਗੇ। ਇਸ ਦੌਰਾਨ ਜਿੱਥੇ ਇਹ ਟੀਮ ਪੀੜਤ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਵੇਗੀ, ਉਥੇ ਹੀ ਸਭ ਤੋਂ ਪਹਿਲਾਂ ਦਵਾਈ, ਸਫਾਈ ਅਤੇ ਵਹਾਈ ਦਾ ਕੰਮ ਕਰੇਗੀ। ਭਾਵ ਕਿ ਜਿਨ੍ਹਾਂ ਮਰੀਜ਼ਾਂ ਨੂੰ ਦਵਾਈ ਦੀ ਜਰੂਰਤ ਹੋਵੇਗੀ, ਉਨ੍ਹਾਂ ਨੂੰ ਦਵਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਘਰਾਂ ਦੀ ਸਫ਼ਾਈ ਹੋਵੇਗੀ ਅਤੇ ਜ਼ਮੀਨਾਂ ਦੀ ਵਾਹੀ ਕਰਵਾ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇਗੀ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋ ਸਰਕਾਰੀ ਅਧਿਕਾਰੀਆਂ ਸਮੇਤ ਉਨ੍ਹਾਂ ਦੀ ਡਿਊਟੀ ਫਾਜ਼ਿਲਕਾ ਤੇ ਜਲਾਲਾਬਾਦ ਦੇ 6 ਪਿੰਡਾਂ ਅੰਦਰ ਲਾਈ ਗਈ ਹੈ। ਉਨ੍ਹਾਂ ਨਾਲ ਦੋ ਸਰਕਾਰੀ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਭੱਲਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਜਾਵੇਗੀ ਅਤੇ ਇਨ੍ਹਾਂ ਪਿੰਡ ਹਰ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਸਲਾਂ, ਘਰਾਂ ਅਤੇ ਮਾਲ ਡੰਗਰ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਣ ਤਕ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਵਿਚ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਹੜ੍ਹ ਪ੍ਰਭਾਵਿਤ ਲੋਕਾਂ ਤਕ ਰਾਹਤ ਸਮੱਗਰੀ ਅਤੇ ਮੁਆਵਜ਼ਾ ਹਰ ਹਾਲਤ ਵਿਚ ਪਹੁੰਚੇ। ਉਨ੍ਹਾਂ ਦੱਸਿਆ ਕਿ ਉਹ ਜਲਦੀ ਇਨ੍ਹਾਂ ਪਿੰਡਾਂ ਵਿਚ ਆਪਣੀ ਡਿਊਟੀ ਸੰਭਾਲ ਲੈਣਗੇ ਅਤੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨਗੇ।