ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੀਆਂ ਗਲਤ ਹੋਈਆਂ ਬਦਲੀਆਂ ਨੂੰ ਰੋਕਣ ਲਈ ਲਾਇਆ ਧਰਨਾ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਧਿਆਪਕ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਜੀਤ ਜੱਸੀ, 6635 ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਖੋਖਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਡਰ ਦੀ ਉਲੰਘਣਾ ਕਰਕੇ ਐਚਟੀ ਅਤੇ ਸੀਐਚਟੀ ਨੂੰ ਹਾਜ਼ਰ ਕਰਵਾਉਣ ਦੇ ਵਿਰੋਧ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਾਇਮਰੀ ਜ਼ਿਲ੍ਹਾ ਕਾਡਰ ਹੋਣ ਕਰਕੇ 75:25 ਦੀ ਰੇਸ਼ੋ ਅਨੁਸਾਰ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ਹੁੰਦੀਆਂ ਹਨ, ਜਿਸ ਵਿੱਚੋਂ 75 ਫੀਸਦੀ ਪ੍ਰਮੋਸ਼ਨ ਕੋਟੇ ਰਾਹੀਂ ਅਤੇ 25 ਫੀਸਦੀ ਸਿੱਧੀ ਭਰਤੀ ਰਾਹੀਂ ਕਰਨੀ ਹੁੰਦੀ ਹੈ। ਬਠਿੰਡਾ ਜ਼ਿਲ੍ਹੇ ਵਿਚ ਪਿਛਲੇ ਸਾਲ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋਈ। ਇਸ ਸਾਲ ਫਿਰ ਜ਼ਿਲ੍ਹਾ ਸਿੱਖਿਆ ਦਫਤਰ ਵੱਲੋਂ ਰਿਪੋਰਟ ਭੇਜਣ ਦੇ ਬਾਵਜੂਦ ਵੀ ਬਦਲੀਆਂ ਕਰ ਦਿੱਤੀਆਂ ਗਈਆਂ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਇੰਡੋਸਮੈਂਟ ਵੀ ਲਗਾ ਦਿੱਤੀ ਗਈ ਸੀ ਪਰ ਜਥੇਬੰਦਕ ਦਬਾਅ ਅੱਗੇ ਕੱਲ੍ਹ ਸੀਐਚਟੀ ਦੀ ਬਦਲੀ ਰੱਦ ਕਰਨ ਦੀ ਪ੍ਰਪੋਜਲ ਬਣਾ ਕੇ ਉਸ ਨੂੰ ਹਾਜ਼ਰ ਕਰਵਾਉਣ ਤੋਂ ਰੋਕ ਦਿੱਤਾ ਗਿਆ ਹੈ। ਇਸ ਦਾ ਐਲਾਨ ਖੁਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਨਿੰਦਰ ਕੌਰ ਨੇ ਅਧਿਆਪਕਾਂ ਦੇ ਵਿਚ ਆ ਕੇ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਈਟੀਟੀ ਅਧਿਆਪਕਾਂ ਦੀ ਬਦਲੀ ਉੱਪਰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਨਾਲ ਹੀ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜ਼ਿਲ੍ਹਾ ਕਨਵੀਨਰ ਅੰਮ੍ਰਿਤਪਾਲ ਸਿੰਘ ਮਾਨ ਨੇ ਮੀਟਿੰਗ ਵਿਚ ਗਰਾਂਟਾਂ ਜਾਰੀ ਕਰਕੇ ਤੁਰੰਤ ਖਰਚ ਕਰਨ ਸਬੰਧੀ ਇਤਰਾਜ਼ ਵੀ ਪ੍ਰਗਟ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੂੰ ਮੀਟਿੰਗ ਵਿਚ ਕੁਝ ਸਕੂਲਾਂ ਵੱਲੋਂ 3704 ਅਧਿਆਪਕਾਂ ਦੀ ਅਗਸਤ ਮਹੀਨੇ ਦੀ ਤਨਖ਼ਾਹ ਨੂੰ ਤੁਰੰਤ ਜਾਰੀ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਮਿਡਲ ਸਕੂਲਾਂ ਵਿੱਚੋਂ ਹੋਈਆਂ ਬਦਲੀਆਂ ਜੋ ਕਿ 50 ਫੀਸਦੀ ਸਟਾਫ ਰਹਿਣ ਦੇ ਘੇਰੇ ਤੋਂ ਬਾਹਰੋਂ ਆਉਂਦੀਆਂ ਹਨ ਤੁਰੰਤ ਲਾਗੂ ਕੀਤੀਆਂ ਜਾਣ । ਉਨ੍ਹਾਂ ਕਿਹਾ ਕਿ ਇਹ ਮਸਲੇ ਇਕ ਦੋ ਦਿਨਾਂ ਵਿਚ ਹੱਲ ਕਰ ਦਿੱਤੇ ਜਾਣਗੇ। ਇਸ ਮੌਕੇ ਡੀਟੀਐਫ ਦੇ ਸੂਬਾ ਕਮੇਟੀ ਮੈਂਬਰ ਹਰਜਿੰਦਰ ਸੇਮਾ, ਡੀਐਮਐਫ ਆਗੂ ਸਿਕੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਕਿੰਟੂ, ਗੁਰਪਾਲ ਸਿੰਘ,ਨਛੱਤਰ ਸਿੰਘ ਜੇਠੂਕੇ, ਨਰਿੰਦਰ ਬੱਲੂਆਣਾ, ਸੁਨੀਲ ਕੁਮਾਰ, ਗੋਬਿੰਦ ਸਿੰਘ, ਗੁਰਮੇਲ ਗਿਆਨਾ, ਗੁਰਸੇਵਕ ਫੂਲ, ਬੂਟਾ ਸਿੰਘ ਰੋਮਾਣਾ, ਤਰਸੇਮ ਸਿੰਘ ਸਿੱਧੂ, ਸਤਪਾਲ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ ਮਾਈਸਰਖਾਨਾ, ਜੋਗਾ ਸਿੰਘ, ਅਵਤਾਰ ਮਲੂਕਾ, ਵੀਰ ਸਿੰਘ, ਗੁਰਜੀਤ ਸਿੰਘ ਜੌੜਕੀਆਂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।