ਐੱਨਆਰਆਈ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲੀ
ਐੱਨਆਰਆਈ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲੀ
Publish Date: Tue, 16 Sep 2025 05:55 PM (IST)
Updated Date: Tue, 16 Sep 2025 05:56 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਕ ਸ਼ਹਿਰ ਦੇ ਭਾਈ ਬਹਿਲੋਂ ਰੋਡ ਨੇੜਲੀ ਡਰੇਨ ਪੱਟੜੀ ਨੇੜਿਓਂ ਇਕ ਐੱਨਆਰਆਈ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਲਾਸ਼ ਮਿਲੀ ਹੈ। ਇਸ ਲਾਸ਼ ਸਬੰਧੀ ਸੂਚਨਾ ਮਿਲਣ ’ਤੇ ਦਲਜੀਤ ਸਿੰਘ ਇੰਚਾਰਜ ਪੁਲਿਸ ਥਾਣਾ ਭਗਤਾ ਭਾਈ ਅਤੇ ਏਐੱਸਆਈ ਸੁਰਿੰਦਰਪਾਲ ਸਿੰਘ ਡੋਡ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਇਸ ਮੌਕੇ ਮ੍ਰਿਤਕ ਦੀ ਸ਼ਨਾਖਤ ਨਾ ਹੋ ਸਕਣ ਕਰਕੇ ਪੁਲਿਸ ਨੇ ਲਾਸ਼ ਨੂੰ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਤਸਵੀਰ ਸੋਸ਼ਲ ਮੀਡੀਆਂ ’ਤੇ ਵਾਇਰਲ ਹੋਣ ’ਤੇ ਸਨਾਖਤ ਹੋਈ। ਸ਼ਨਾਖ਼ਤ ਉਪਰੰਤ ਪਤਾ ਲੱਗਿਆ ਕਿ ਨੌਜਵਾਨ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕੋਠਾ ਗੁਰੂ ਰਹਿਣ ਵਾਲਾ ਇਕਲੌਤਾ ਪੁੱਤਰ ਸੀ, ਜੋ ਕੁਝ ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਮ੍ਰਿਤਕ ਦਾ ਮੋਟਰਸਾਈਕਲ ਵੀ ਇਸ ਡਰੇਨ ਦੀ ਪੱਟੜੀ ’ਤੇ ਖੜ੍ਹਾ ਮਿਲਿਆ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮੌਤ ਦੇ ਅਸਲੀ ਕਾਰਨਾਂ ਦਾ ਹਾਲ ਦੀ ਘੜੀ ਪਤਾ ਨਹੀ ਲੱਗ ਸਕਿਆ। ਸਥਾਨਕ ਪੁਲਿਸ ਇਸ ਘਟਨਾ ਸਬੰਧੀ ਵੱਖ ਵੱਖ ਥਿਊਰੀਆਂ ’ਤੇ ਜਾਂਚ ਕਰ ਰਹੀ ਹੈ।