ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਦੀ ‘ਜ਼ੀਰੋ ਟਾਲਰੈਂਸ’ ਨੀਤੀ ਦਾ ਹਵਾਲਾ ਦਿੰਦੇ ਹੋਏ ਉਮੀਦ ਜਤਾਈ ਕਿ ਇਸ ਮਾਮਲੇ ਵਿੱਚ ਜਲਦੀ ਹੀ ਸਖ਼ਤ ਕਾਰਵਾਈ ਦੇਖਣ ਨੂੰ ਮਿਲੇਗੀ। ਉਨ੍ਹਾਂ ਪੱਤਰ ਦੀਆਂ ਕਾਪੀਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਮੁੱਖ ਸਕੱਤਰ ਅਤੇ ਐਕਸੀਅਨ ਬਠਿੰਡਾ ਨੂੰ ਵੀ ਕਾਰਵਾਈ ਲਈ ਭੇਜੀਆਂ ਗਈਆਂ ਹਨ।

ਧਰਮਪਾਲ ਸਿੰਘ, ਸੰਗਤ ਮੰਡੀ: ਵਿਧਾਨਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀਨੀਅਰ ਅਮਿਤ ਰਤਨ ਕੋਟਫੱਤਾ ਨੇ ਸੰਗਤ ਮੰਡੀ ਖੇਤਰ ਵਿੱਚ ਪੰਜਾਬ ਮੰਡੀ ਬੋਰਡ ਅਤੇ ਪੀ.ਡਬਲਯੂਡੀ. ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਮਾੜੀ ਗੁਣਵੱਤਾ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਹਲਕਾ ਵਿਧਾਇਕ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਅਧਿਕਾਰਤ ਪੱਤਰ ਲਿਖ ਕੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਵਿੱਚ ਵਿਧਾਇਕ ਨੇ ਦੱਸਿਆ ਕਿ ਸੰਗਤ ਮੰਡੀ ਇਲਾਕੇ ਵਿੱਚ ਚੱਲ ਰਹੇ ਸੜਕਾਂ ਦੇ ਨਿਰਮਾਣ ਕਾਰਜਾਂ ਦੌਰਾਨ ਵਰਤੀ ਜਾ ਰਹੀ ਸਮੱਗਰੀ ਵਿਭਾਗੀ ਮਾਪਦੰਡਾਂ ਅਨੁਸਾਰ ਖ਼ਰੀ ਨਹੀਂ ਉਤਰਦੀ। ਉਨ੍ਹਾਂ ਮੌਕੇ ਦੇ ਨਿਰੀਖਣ ਅਤੇ ਇਲਾਕਾ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਕਿਹਾ ਹੈ ਕਿ ਸੜਕਾਂ ’ਤੇ ਪ੍ਰੀਮਿਕਸ (ਲੁੱਕ) ਦੀ ਮਾਤਰਾ ਬਹੁਤ ਘੱਟ ਪਾਈ ਜਾ ਰਹੀ ਹੈ, ਜਿਸ ਕਾਰਨ ਨਵੀਆਂ ਬਣ ਰਹੀਆਂ ਸੜਕਾਂ ਕਾਫ਼ੀ ਕਮਜ਼ੋਰ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੇਕਰ ਇਹੀ ਹਾਲ ਰਿਹਾ ਤਾਂ ਇਹ ਸੜਕਾਂ ਇੱਕ ਮੌਸਮ ਦੀ ਮਾਰ ਵੀ ਨਹੀਂ ਝੱਲ ਸਕਣਗੀਆਂ ਅਤੇ ਜਲਦੀ ਹੀ ਟੁੱਟ ਜਾਣਗੀਆਂ। ਉਨ੍ਹਾਂ ਲਿਖਤੀ ਪੱਤਰ ਰਾਹੀਂ ਮੰਗਾਂ ਰੱਖੀਆਂ ਕਿ ਸੜਕ ਬਣਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੇ ਗਏ ਸਮੱਗਰੀ ਦੇ ਟੈਸਟਾਂ ਦਾ ਰਿਕਾਰਡ ਜਨਤਕ ਕੀਤਾ ਜਾਵੇ। ਜੇਕਰ ਵਿਭਾਗੀ ਰਿਪੋਰਟਾਂ ਵਿੱਚ ਸਮੱਗਰੀ ਨੂੰ ਸਹੀ ਦੱਸਿਆ ਗਿਆ ਹੈ, ਤਾਂ ਕਿਸੇ ਸੁਤੰਤਰ ਏਜੰਸੀ ਤੋਂ ਇਸ ਦੀ ਮੁੜ ਜਾਂਚ ਕਰਵਾਈ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਇਹ ਸੜਕਾਂ ਸਮੇਂ ਤੋਂ ਪਹਿਲਾਂ ਟੁੱਟਦੀਆਂ ਹਨ, ਤਾਂ ਉਨ੍ਹਾਂ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ, ਜੋ ਸੂਚਨਾ ਮਿਲਣ ਦੇ ਬਾਵਜੂਦ ਵੀ ਚੁੱਪ ਧਾਰੀ ਬੈਠੇ ਹਨ।