ਨਾੜ ਨੂੰ ਅੱਗ ਲਗਾਉਣ ਵਾਲਿਆਂ 'ਤੇ ਸਰਕਾਰ ਦੀ ਸਖ਼ਤੀ : ਬਠਿੰਡਾ 'ਚ 20 ਕਿਸਾਨਾਂ 'ਤੇ ਕੇਸ ਦਰਜ, 10 ਔਰਤਾਂ ਵੀ ਸ਼ਾਮਲ
ਇਸ ਤਰ੍ਹਾਂ ਹੀ ਥਾਣਾ ਨਥਾਣਾ ਦੀ ਪੁਲਿਸ ਨੇ ਵੀ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਦੋ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਲਿਆਣ ਸੁੱਖਾ ਦੇ ਖੇਤਾਂ ਵਿੱਚ ਕਿਸੇ ਅਣਪਛਾਤੇ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ
Publish Date: Thu, 14 May 2026 12:54 PM (IST)
Updated Date: Thu, 14 May 2026 01:03 PM (IST)
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਕਣਕ ਦੀ ਵਾਢੀ ਤੋਂ ਬਾਅਦ ਬਚੇ ਖੁਚੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਨ ਦੇ ਦੋਸ਼ ਹੇਠ 20 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚ 10 ਕਿਸਾਨ ਔਰਤਾਂ ਵੀ ਸ਼ਾਮਲ ਹਨ ਜਿਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।
ਪੁਲਿਸ ਨੇ ਇਹ ਕੇਸ ਆਪਣੇ ਥਾਣੇਦਾਰਾਂ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੌੜ ਮੰਡੀ ਦੀ ਪੁਲਿਸ ਕੋਲ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਅਜਾਇਬ ਸਿੰਘ, ਮਹਿੰਦਰ ਕੌਰ, ਪਾੜੇ ਕੌਰ, ਰਾਮ ਪਿਆਰੀ, ਰਾਣੀ ਕੌਰ, ਰਾਜ ਕੌਰ, ਸੀਤੋ ਕੌਰ, ਭੂਰੋ ਕੌਰ, ਸੁਖਵਿੰਦਰ ਸਿੰਘ, ਅਜੈਬ ਸਿੰਘ, ਜਗਮੇਲ ਸਿੰਘ, ਹਰਜੀਤ ਕੌਰ, ਸ਼ਿੰਦਰ ਕੌਰ, ਕੁਲਵਿੰਦਰ ਕੌਰ, ਸਵਰਨ ਸਿੰਘ, ਗੁਰਜੰਟ ਸਿੰਘ ਅਤੇ ਕੁਲਵੰਤ ਸਿੰਘ ਵਾਸੀ ਪਿੰਡ ਘੁੰਮਣ ਕਲਾਂ ਨੇ ਆਪਣੇ ਖੇਤਾਂ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਬਚੇ ਖੁਚੇ ਨਾੜ ਨੂੰ ਅੱਗ ਹਵਾਲੇ ਕੀਤਾ ਹੈ। ਜਿਸ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋਇਆ ਹੈ ਉੱਥੇ ਹੀ ਉਸ ਨੇ ਸਰਕਾਰ ਦੇ ਹੁਕਮਾਂ ਦਾ ਉਲੰਘਣ ਕੀਤਾ ਹੈ।
ਇਸ ਤਰ੍ਹਾਂ ਹੀ ਥਾਣਾ ਨਥਾਣਾ ਦੀ ਪੁਲਿਸ ਨੇ ਵੀ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਦੋ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਲਿਆਣ ਸੁੱਖਾ ਦੇ ਖੇਤਾਂ ਵਿੱਚ ਕਿਸੇ ਅਣਪਛਾਤੇ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਇਆ। ਇਸ ਤਰ੍ਹਾਂ ਹੀ ਥਾਣਾ ਨਥਾਨਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾ ਵਿੱਚ ਸਹਾਇਕ ਥਾਣੇਦਾਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਕਲਿਆਣ ਸੁੱਖਾ ਦੇ ਖੇਤਾਂ ਵਿੱਚ ਕਿਸੇ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਪੰਜਾਬ ਸਰਕਾਰ ਦੇ ਹੁਕਮਾਂ ਦਾ ਉਲੰਘਣ ਕੀਤਾ ਹੈ। ਪੁਲਿਸ ਨੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਇੱਕ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਾਸੀ ਰਾਮਪੁਰਾ ਫੂਲ ਨੇ ਕਣਕ ਦੀ ਵਾਢੀ ਤੋਂ ਬਾਅਦ ਬਚੇ ਖੁਚੇ ਨਾੜ ਨੂੰ ਅੱਗ ਲਗਾ ਦਿੱਤੀ।
ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਇਆ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਲਜਮ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੇਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਕੋਈ ਮਸ਼ੀਨਰੀ ਮੁਹਾਈਆ ਨਹੀਂ ਕਰਵਾ ਰਹੀ ਅਤੇ ਨਾ ਹੀ ਕੋਈ ਮਦਦ ਕਰ ਰਹੀ ਹੈ ਜਿਸ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਗਏ ਇਹ ਕੇਸ ਤੁਰੰਤ ਵਾਪਸ ਲਏ ਜਾਣ।