- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਵਿਗਿਆਨੀਆਂ ਅਨੁਸਾਰ ਲਗਾਤਾਰ ਧੁੱਪ ਨਾ ਨਿਕਲਣ, ਹਵਾ ਦੀ ਰਫ਼ਤਾਰ ਬਹੁਤ ਘੱਟ ਰਹਿਣ ਅਤੇ ਨਮੀ ਦੇ ਜ਼ਿਆਦਾ ਹੋਣ ਕਾਰਨ ਠੰਢ ਦਾ ਅਸਰ ਆਮ ਦਿਨਾਂ ਨਾਲੋਂ ਕਾਫੀ ਵੱਧ ਮਹਿਸੂਸ ਕੀਤਾ ਜਾ ਰਿਹਾ ਹੈ। ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਕਾਰਨ ਦ੍ਰਿਸ਼ਤਾ ਕਾਫੀ ਘਟ ਜਾਂਦੀ ਹੈ, ਜਿਸ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਗਿਆ ਹੈ। ਖ਼ਾਸ ਕਰਕੇ ਰਾਸ਼ਟਰੀ ਮਾਰਗਾਂ ਅਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਬਠਿੰਡਾ ਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਠੰਢ ਅਤੇ ਧੁੰਦ ਨੇ ਆਪਣਾ ਤਿੱਖਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਛੇ ਦਿਨਾਂ ਦੇ ਮੌਸਮੀ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਜ਼ਿਲ੍ਹੇ ’ਚ ਤਾਪਮਾਨ ਲਗਾਤਾਰ ਘਟ ਰਿਹਾ ਹੈ, ਜਦਕਿ ਹਵਾ ਵਿੱਚ ਨਮੀ ਦਾ ਪੱਧਰ ਬੇਹੱਦ ਉੱਚਾ ਬਣਿਆ ਹੋਇਆ ਹੈ। ਸੰਘਣੀ ਧੁੰਦ, ਠੰਢ ਅਤੇ ਧੁੱਪ ਦੀ ਘਾਟ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਛੇ ਦਿਨਾਂ ਵਿਚ ਜ਼ਿਲ੍ਹੇ ਦਾ ਤਾਪਮਾਨ 5.3 ਡਿਗਰੀ ਸੈਲਸੀਅਸ ਘਟ ਗਿਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 1 ਜਨਵਰੀ ਨੂੰ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦਿਨ ਹਵਾ ਵਿੱਚ ਵੱਧ ਤੋਂ ਵੱਧ ਨਮੀ 98 ਫੀਸਦੀ ਅਤੇ ਘੱਟੋ-ਘੱਟ ਨਮੀ 93 ਫੀਸਦੀ ਰਹੀ। ਸਾਰਾ ਦਿਨ ਧੁੱਪ ਨਾ ਨਿਕਲਣ ਕਾਰਨ ਠੰਢ ਦਾ ਅਸਰ ਹੋਰ ਵੀ ਤੇਜ਼ ਮਹਿਸੂਸ ਕੀਤਾ ਗਿਆ। 2 ਜਨਵਰੀ ਨੂੰ ਭਾਵੇਂ ਘੱਟੋ-ਘੱਟ ਤਾਪਮਾਨ ਵਧ ਕੇ 11 ਡਿਗਰੀ ਸੈਲਸੀਅਸ ਹੋ ਗਿਆ, ਪਰ ਨਮੀ ਦਾ ਪੱਧਰ 97 ਫੀਸਦੀ ਦੇ ਕਰੀਬ ਬਣਿਆ ਰਿਹਾ ਅਤੇ ਇਸ ਦਿਨ ਵੀ ਧੁੱਪ ਨਹੀਂ ਨਿਕਲੀ।
3 ਜਨਵਰੀ ਨੂੰ ਤਾਪਮਾਨ ਮੁੜ ਡਿੱਗ ਗਿਆ ਤੇ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 17.6 ਡਿਗਰੀ ਸੈਲਸੀਅਸ ਰਿਹਾ। ਇਸ ਦਿਨ ਹਵਾ ਵਿੱਚ ਨਮੀ 100 ਫੀਸਦੀ ਤਕ ਪਹੁੰਚ ਗਈ, ਜਿਸ ਕਾਰਨ ਸਵੇਰੇ ਤੇ ਰਾਤ ਸਮੇਂ ਘਣਾ ਕੋਹਰਾ ਛਾਇਆ ਰਿਹਾ। 4 ਜਨਵਰੀ ਨੂੰ ਵੀ ਹਾਲਾਤ ਲਗਭਗ ਪਹਿਲਾਂ ਦੀ ਤਰ੍ਹਾਂ ਹੀ ਰਹੇ। ਇਸ ਦਿਨ ਘੱਟੋ-ਘੱਟ ਤਾਪਮਾਨ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 5 ਜਨਵਰੀ ਤੋਂ ਠੰਢ ਨੇ ਹੋਰ ਕੜਕ ਰੂਪ ਧਾਰਨ ਕਰ ਲਿਆ। ਇਸ ਦਿਨ ਘੱਟੋ-ਘੱਟ ਤਾਪਮਾਨ ਡਿੱਗ ਕੇ 4.5 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। 6 ਜਨਵਰੀ ਨੂੰ ਇਹ ਹੋਰ ਘਟ ਕੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ ਸਿਰਫ਼ 12 ਡਿਗਰੀ ਸੈਲਸੀਅਸ ਹੀ ਰਿਹਾ। ਇਨ੍ਹਾਂ ਦਿਨਾਂ ਦੌਰਾਨ ਵੀ ਹਵਾ ਵਿਚ ਨਮੀ ਦਾ ਪੱਧਰ 97 ਫੀਸਦੀ ਦੇ ਆਸ-ਪਾਸ ਬਣਿਆ ਰਿਹਾ ਅਤੇ ਧੁੱਪ ਦੇ ਦਰਸ਼ਨ ਨਹੀਂ ਹੋਏ।
ਮੌਸਮ ਵਿਗਿਆਨੀਆਂ ਅਨੁਸਾਰ ਲਗਾਤਾਰ ਧੁੱਪ ਨਾ ਨਿਕਲਣ, ਹਵਾ ਦੀ ਰਫ਼ਤਾਰ ਬਹੁਤ ਘੱਟ ਰਹਿਣ ਅਤੇ ਨਮੀ ਦੇ ਜ਼ਿਆਦਾ ਹੋਣ ਕਾਰਨ ਠੰਢ ਦਾ ਅਸਰ ਆਮ ਦਿਨਾਂ ਨਾਲੋਂ ਕਾਫੀ ਵੱਧ ਮਹਿਸੂਸ ਕੀਤਾ ਜਾ ਰਿਹਾ ਹੈ। ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਕਾਰਨ ਦ੍ਰਿਸ਼ਤਾ ਕਾਫੀ ਘਟ ਜਾਂਦੀ ਹੈ, ਜਿਸ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਗਿਆ ਹੈ। ਖ਼ਾਸ ਕਰਕੇ ਰਾਸ਼ਟਰੀ ਮਾਰਗਾਂ ਅਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਠੰਢ ਵਧਣ ਕਾਰਨ ਬੁਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਦੀਆਂ ਦਿੱਕਤਾਂ ਵਿੱਚ ਵੀ ਵਾਧਾ ਹੋਇਆ ਹੈ। ਸਵੇਰੇ ਸਮੇਂ ਬਾਜ਼ਾਰਾਂ ਵਿੱਚ ਸਨਾਟਾ ਛਾਇਆ ਰਹਿੰਦਾ ਹੈ, ਜਦਕਿ ਸ਼ਾਮ ਢਲਦੇ ਹੀ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਗਰਮ ਕੱਪੜਿਆਂ, ਰਜਾਈਆਂ ਤੇ ਹੀਟਰਾਂ ਦੀ ਮੰਗ ਵਿੱਚ ਵੀ ਖਾਸਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤਕ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਵੇਰੇ ਅਤੇ ਦੇਰ ਰਾਤ ਬਿਨਾਂ ਜ਼ਰੂਰਤ ਘਰੋਂ ਬਾਹਰ ਨਾ ਨਿਕਲਣ, ਗਰਮ ਕੱਪੜੇ ਪਹਿਨਣ ਅਤੇ ਵਾਹਨ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣ।
ਠੰਢ ਕਾਰਨ ਮਜ਼ਦੂਰ ਦੀ ਹੋਈ ਮੌਤ
ਸਥਾਨਕ ਮਾਲ ਰੋਡ ’ਤੇ ਸਥਿਤ ਲੇਬਰ ਚੌਕ ’ਤੇ ਇਕ ਮਜ਼ਦੂਰ ਦੀ ਠੰਢ ਕਾਰਨ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਸੰਸਥਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿੱਕੀ ਕੁਮਾਰ ਤੇ ਸੰਦੀਪ ਗੋਇਲ ਤੁਰੰਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਇਕ ਮਜ਼ਦੂਰ ਸੜਕ ਕਿਨਾਰੇ ਬੇਹੋਸ਼ ਪਿਆ ਹੋਇਆ ਮਿਲਿਆ। ਸਹਾਰਾ ਟੀਮ ਵੱਲੋਂ ਤੁਰੰਤ ਥਾਣਾ ਕੋਤਵਾਲੀ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਸਹਾਰਾ ਟੀਮ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ।
ਸਹਾਰਾ ਜਨ ਸੇਵਾ ਦੇ ਮੈਂਬਰ ਵਿੱਕੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਮੌਰਚਰੀ ’ਚ ਸੁਰੱਖਿਅਤ ਰੱਖਿਆ ਹੈ। ਫਿਲਹਾਲ ਮ੍ਰਿਤਕ ਦੇ ਕੋਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਸਹਾਰਾ ਟੀਮ ਵੱਲੋਂ ਮ੍ਰਿਤਕ ਦੀ ਸ਼ਿਨਾਖ਼ਤ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਘਟਨਾ ਨੇ ਇਕ ਵਾਰ ਫਿਰ ਕੜੀ ਠੰਢ ਦੌਰਾਨ ਬੇਸਹਾਰਾ ਤੇ ਮਜ਼ਦੂਰ ਵਰਗ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।