ਲਹਿਰਾ ਮੁਹੱਬਤ ’ਚ ਬਿਜਲੀ ਦੀਆਂ ਤਾਰਾਂ ਨੇ ਮਚਾਈ ਤਬਾਹੀ: 4 ਏਕੜ ਕਣਕ ਸੜ ਕੇ ਸੁਆਹ, ਕਿਸਾਨਾਂ ਦਾ ਲੱਖਾਂ ਦਾ ਨੁਕਸਾਨ!
ਵਾਢੀ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਨਜ਼ਦੀਕੀ ਪਿੰਡ ਲਹਿਰਾ ਮੁਹੱਬਤ ਤੋਂ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ਦੀਆਂ ਤਾਰਾਂ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਕਿਸਾਨਾਂ ਦੀ ਲਗਭਗ 4 ਏਕੜ ਖੜੀ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ। ਇਸ ਅਚਨਚੇਤ ਅੱਗ ਕਾਰਨ ਪੀੜਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
Publish Date: Sat, 18 Apr 2026 01:01 PM (IST)
Updated Date: Sat, 18 Apr 2026 01:02 PM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ (ਬਠਿੰਡਾ): ਵਾਢੀ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਨਜ਼ਦੀਕੀ ਪਿੰਡ ਲਹਿਰਾ ਮੁਹੱਬਤ ਤੋਂ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ਦੀਆਂ ਤਾਰਾਂ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਕਿਸਾਨਾਂ ਦੀ ਲਗਭਗ 4 ਏਕੜ ਖੜੀ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ। ਇਸ ਅਚਨਚੇਤ ਅੱਗ ਕਾਰਨ ਪੀੜਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਕਟਾਈ ਤੋਂ ਕੁਝ ਮਿੰਟ ਪਹਿਲਾਂ ਵਾਪਰਿਆ ਭਾਣਾ
ਪੀੜਤ ਕਿਸਾਨ ਰੇਸ਼ਮ ਸਿੰਘ ਬਾਠ ਅਤੇ ਗੁਰਭਗਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਫ਼ਸਲ ਪੂਰੀ ਤਰ੍ਹਾਂ ਤਿਆਰ ਸੀ ਅਤੇ ਉਹ ਕਟਾਈ ਲਈ ਖੇਤ ਵਿੱਚ ਕੰਬਾਈਨ ਵੀ ਲਿਆ ਚੁੱਕੇ ਸਨ। ਦੁਪਹਿਰ ਕਰੀਬ 12 ਵਜੇ ਗੁਰੂ ਹਰਗੋਬਿੰਦ ਤਾਪ ਘਰ (ਥਰਮਲ ਪਲਾਂਟ) ਤੋਂ ਆ ਰਹੀ ਹਾਈਵੋਲਟੇਜ ਟਾਵਰ ਲਾਈਨ ਅਤੇ ਹੇਠਲੀ ਬਿਜਲੀ ਲਾਈਨ ਦੀਆਂ ਤਾਰਾਂ ਆਪਸ ਵਿੱਚ ਟਕਰਾ ਗਈਆਂ। ਨਿਕਲੀਆਂ ਚਿੰਗਾਰੀਆਂ ਨੇ ਸੁੱਕੀ ਖੜੀ ਫ਼ਸਲ ਨੂੰ ਪਲਾਂ ਵਿੱਚ ਹੀ ਅੱਗ ਲਾ ਦਿੱਤੀ।
ਪਿੰਡ ਵਾਸੀਆਂ ਨੇ ਦਿਖਾਈ ਹਿੰਮਤ
ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ 4 ਏਕੜ ਫ਼ਸਲ ਲਪਟਾਂ ਦੀ ਭੇਟ ਚੜ੍ਹ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਸਾਂਝੇ ਯਤਨਾਂ ਨਾਲ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਆਸ-ਪਾਸ ਦੇ ਖੇਤਾਂ ਦਾ ਬਚਾਅ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਚੌਂਕੀ ਭੁੱਚੋ ਮੰਡੀ ਦੇ ਮੁਲਾਜ਼ਮਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ।
ਮੁਆਵਜ਼ੇ ਦੀ ਗੁਹਾਰ
ਕਿਸਾਨਾਂ ਅਨੁਸਾਰ ਇਸ ਅੱਗ ਨਾਲ ਉਨ੍ਹਾਂ ਦਾ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਬਿਜਲੀ ਵਿਭਾਗ ਦੀ ਲਾਪਰਵਾਹੀ ਨੂੰ ਇਸ ਦਾ ਮੁੱਖ ਕਾਰਨ ਦੱਸਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਅਧਿਕਾਰੀਆਂ ਦਾ ਪੱਖ
ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀ ਚਮਕੌਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੇਠਲੀ ਲਾਈਨ ਬੰਦ ਸੀ ਅਤੇ ਉਸ ਦਾ ਪਰਮਿਟ ਲਿਆ ਹੋਇਆ ਸੀ। ਉਨ੍ਹਾਂ ਸ਼ੱਕ ਜਤਾਇਆ ਕਿ ਉੱਪਰੋਂ ਲੰਘਦੀ ਟਾਵਰ ਲਾਈਨ ਵਿੱਚ ਸਪਲਾਈ ਜਾਰੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।