- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕੁਦਰਤੀ ਆਫ਼ਤ ਤੋਂ ਬਾਅਦ ਪੀੜਤ ਕਿਸਾਨਾਂ ਦੀ ਮਦਦ ਲਈ ਹੁਣ ਦਾਨੀ ਸੱਜਣ ਅੱਗੇ ਆ ਰਹੇ ਹਨ। ਪੰਜਾਬੀ ਜਾਗਰਣ ਨੇ ਕਿਸਾਨਾਂ ਦੀ ਇਸ ਪੀੜਾ ਨੂੰ ਮੁੱਦੇ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਦਾਨੀ ਸੱਜਣ ਅੱਗੇ ਆਏ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਗੋਨਿਆਣਾ ਮੰਡੀ ਦੇ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲ ਹੀ ਵਿੱਚ ਹੋਈ ਗੜੇਮਾਰੀ ਨੇ ਕਣਕ ਦੀ ਖੜ੍ਹੀ ਫਸਲ, ਸਬਜ਼ੀਆਂ ਤੇ ਹਰਾ ਚਾਰਾ ਬਿਲਕੁਲ ਤਬਾਹ ਹੋ ਗਿਆ ਸੀ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਪੀੜਤ ਕਿਸਾਨਾਂ ਦੀ ਮਦਦ ਲਈ ਹੁਣ ਦਾਨੀ ਸੱਜਣ ਅੱਗੇ ਆ ਰਹੇ ਹਨ। ਪੰਜਾਬੀ ਜਾਗਰਣ ਨੇ ਕਿਸਾਨਾਂ ਦੀ ਇਸ ਪੀੜਾ ਨੂੰ ਮੁੱਦੇ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਦਾਨੀ ਸੱਜਣ ਅੱਗੇ ਆਏ ਹਨ। ਇਸ ਸੰਕਟ ਦੀ ਘੜੀ ਵਿੱਚ ਕਈ ਸਹਿਯੋਗੀ ਜ਼ਮੀਨ ਮਾਲਕਾਂ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਕਿਸਾਨਾਂ ਦੀ ਮਦਦ ਕੀਤੀ ਹੈ। ਕੁਝ ਜ਼ਮੀਨ ਮਾਲਕਾਂ ਵੱਲੋਂ ਆਪਣੀ ਜ਼ਮੀਨ ਦਾ ਅੱਧਾ ਠੇਕਾ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ‘ਤੇ ਆਰਥਿਕ ਬੋਝ ਘੱਟ ਹੋ ਸਕੇ।
ਜ਼ਿਲ੍ਹੇ ਦੇ ਪਿੰਡ ਕੋਠੇ ਸੰਧਵਾਂ, ਕੋਠੇ ਲਾਲ ਸਿੰਘ ਤੇ ਅਬਲੂ ਵਿਚ ਹੋਈ ਗੜੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਪੱਕੀ ਫਸਲ ਬਿਲਕੁਲ ਤਬਾਹ ਹੋ ਗਈ ਹੈ। ਐਨਾ ਹੀ ਨਹੀਂ ਸਗੋਂ ਕਈ ਥਾਵਾਂ ’ਤੇ ਗੜਿਆਂ ਨੇ ਕਣਕ ਹੀ ਨਹੀਂ ਸਗੋਂ ਸਬਜ਼ੀਆਂ, ਮੱਕੀ ਅਤੇ ਹਰੇ ਚਾਰੇ ਨੂੰ ਬਰਬਾਦ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਕਿਸਾਨਾਂ ਕੋਲ ਪਸ਼ੂਆਂ ਨੂੰ ਪਾਉਣ ਲਈ ਤੂੜੀ ਤੇ ਹਰਾ ਚਾਰਾ ਵੀ ਨਹੀਂ ਹੈ। ਇਸ ਦੌਰਾਨ ਪੀੜਤ ਕਿਸਾਨਾਂ ਲਈ ਇਹ ਰਾਹਤ ਭਰੀ ਖਬਰ ਹੈ ਕਿ ਕੁੱਝ ਹੱਥ ਅਜਿਹੇ ਕਿਸਾਨਾਂ ਦੀ ਮਦਦ ਲਈ ਵੀ ਅੱਗੇ ਆਏ ਹਨ। ਸੀਨੀਅਰ ਅਕਾਲੀ ਆਗੂ ਗਰਦੌਰ ਸਿੰਘ ਸੰਧੂ ਨੇ ਵੱਡੀ ਪਹਿਲ ਲਕਦਮੀ ਕਰਦਿਆਂ ਆਪਣੀ ਜ਼ਮੀਨ ਦੇ ਠੇਕੇ ਵਿੱਚ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਕੋਠੇ ਸੰਧਾਵਾ ਦੇ ਵਾਸੀ ਗਿਰਦੌਰ ਸਿੰਘ ਸੰਧੂ ਨੇ ਆਪਣੀ ਕਰੀਬ 30 ਏਕੜ ਜ਼ਮੀਨ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ‘ਤੇ ਦਿੱਤੀ ਹੋਈ ਸੀ। ਪਰ ਹਾਲ ਹੀ ਵਿੱਚ ਪਈ ਗੜੇਮਾਰੀ ਕਾਰਨ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ, ਜਿਸ ਨਾਲ ਠੇਕੇਦਾਰ ਕਿਸਾਨ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਸਥਿਤੀ ਨੂੰ ਦੇਖਦਿਆਂ ਅਕਾਲੀ ਆਗੂ ਨੇ ਵੱਡਾ ਦਿਲ ਦਿਖਾਉਂਦੇ ਕਾਸ਼ਤਾਰ ਨੂੰ ਅੱਧਾ ਠੇਕਾ ਮਾਫ਼ ਕਰ ਦਿੱਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਆਪਣੇ 30 ਕਿੱਲਿਆਂ ਦੇ ਠੇਕੇ ਵਿੱਚੋਂ ਅੱਧਾ ਠੇਕਾ ਛੱਡ ਰਹੇ ਹਨ, ਤਾਂ ਜੋ ਠੇਕੇਦਾਰ ਕਿਸਾਨ ਨੂੰ ਕੁਝ ਰਾਹਤ ਮਿਲ ਸਕੇ।
ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਕਿਸਾਨ ਭੋਲਾ ਸਿੰਘ ਨੇ ਆਪਣੀ ਚਾਰ ਏਕੜ ਜ਼ਮੀਨ ਦੋ ਕਿਸਾਨਾਂ ਨੂੰ ਠੇਕੇ ’ਤੇ ਦਿੱਤੀ ਹੋਈ ਸੀ, ਪਰ ਗੜੇਮਾਰੀ ਕਾਰਨ ਕਣਕ ਦੀ ਪੂਰੀ ਫਸਲ ਤਬਾਹ ਹੋ ਗਈ। ਇਸ ਨੂੰ ਦੇਖਦੇ ਹੋਏ ਕਿਸਾਨ ਨੇ ਵੱਡਾ ਦਿਲ ਦਿਖਾਉਂਦਿਆਂ ਠੇਕੇਦਾਰ ਕਿਸਾਨ ਅਵਤਾਰ ਸਿੰਘ ਡੇਢ ਏਕੜ ਦਾ ਪੂਰਾ ਠੇਕਾ ਮਾਫ ਕਰ ਦਿੱਤਾ, ਜਦੋਂ ਕਿ ਇਕ ਹੋਰ ਕਿਸਾਨ ਨੂੰ ਦਿੱਤੀ ਜਮੀਨ ਦਾ ਅੱਧਾ ਠੇਕਾ ਮਾਫ ਕਰਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਹੀ ਇਕ ਹੋਰ ਕਿਸਾਨ ਰਾਜੂ ਸਿੰਘ ਕੋਲ ਸਿਰਫ ਚਾਰ ਕਨਾਲਾਂ ਜਮੀਨ ਹੈ, ਜਿਹੜੀ ਉਸ ਨੇ ਠੇਕੇ ’ਤੇ ਦਿੱਤੀ ਹੋਈ ਸੀ ਪਰ ਉਸ ਨੇ ਗੜੇਮਾਰੀ ਕਾਰਨ ਹੋਏ ਨੁਕਸਾਨ ਨੂੰ ਦੇਖਦਿਆਂ ਉਕਤ ਜ਼ਮੀਨ ਦਾ ਪੂਰਾ ਠੇਕਾ ਮਾਫ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਨੇ ਗੜੇਮਾਰੀ ਕਾਰਨ ਹੋਏ ਨੁਕਸਾਨ ਤੋਂ ਬਾਅਦ ਠੇਕੇਦਾਰ ਕਿਸਾਨ ਨੂੰ ਛੇ ਏਕੜ ਜਮੀਨ ਦਾ ਅੱਧਾ ਠੇਕਾ ਛੱਡਣ ਦਾ ਐਲਾਨ ਕੀਤਾ ਸੀ। ਉਕਤ ਕਿਸਾਨ ਨੇ ਠੇਕੇਦਾਰ ਤੋਂ 80 ਹਜ਼ਾਰ ਰੁਪਏ ਦੀ ਬਜਾਏ 40 ਹਜ਼ਾਰ ਰੁਪਏ ਪ੍ਰਤੀ ਏਕੜ ਵਸੂਲ ਕੀਤੇ ਸਨ।
ਦੋਰਾਹਾ ਦੇ ਦਾਣੀ ਸੱਜਣਾ ਨੇ ਭੇਜਿਆ ਹਰੇ ਚਾਰੇ ਦਾ ਬੀਜ
ਦੋਰਾਹਾ ਸਥਿਤ ਜੋਰਾ ਐਗਰੀਟੈਕ ਪ੍ਰਾਈਵੇਟ ਲਿਮਟਿਡ ਦੇ ਮਾਲਕਾਂ ਵੱਲੋਂ ਵੀ ਪੀੜਤ ਕਿਸਾਨਾਂ ਦੀ ਮਦਦ ਲਈ ਖਾਸ ਪਹਿਲ ਕੀਤੀ ਗਈ ਹੈ। ਜਦੋਂ ਕੰਪਨੀ ਨੂੰ ਪਤਾ ਲੱਗਾ ਕਿ ਗੜੇਮਾਰੀ ਕਾਰਨ ਕੋਠੇ ਸੰਧਵਾਂ, ਕੋਠੇ ਲਾਲ ਸਿੰਘ ਤੇ ਅਬਲੂ ਵਿਚ ਕਣਕ ਦੇ ਨਾਲ ਨਾਲ ਹਰਾ ਚਾਰਾ ਵੀ ਤਬਾਹ ਹੋ ਗਿਆ ਹੈ ਤਾਂ ਉਨ੍ਹਾਂ ਪਿੰਡ ਦੇ ਸਾਬਕਾ ਸਰਪੰਚ ਗਰਦੌਰ ਸਿੰਘ ਨਾਲ ਸੰਪਰਕ ਕਰਕੇ ਦੱਸਿਆ ਕਿ ਉਹ ਕਿਸਾਨਾਂ ਲਈ ਮੁਫ਼ਤ ਹਰੇ ਚਾਰੇ ਦਾ ਬੀਜ ਮੁਹੱਈਆ ਕਰਵਾਉਣਾ ਚਾਹਦੇ ਹਨ। ਕੰਪਨੀ ਦੇ ਮਾਲਕਾਂ ਵੱਲੋਂ ਮੱਕੀ, ਜਵਾਰ ਅਤੇ ਬਾਜਰੇ ਦਾ ਬੀਜ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ ਤਾਂ ਜੋ ਕਿਸਾਨ ਆਪਣੀਆਂ ਜਮੀਨਾਂ ਵਿੱਚ ਪਸ਼ੂਆਂ ਲਈ ਹਰਾ ਚਾਰਾ ਬੀਜ ਸਕਣ। ਇਸ ਸਹਾਇਤਾ ਨਾਲ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦੇ ਬਾਵਜੂਦ ਪਸ਼ੂਧਨ ਲਈ ਚਾਰੇ ਦੀ ਸਮੱਸਿਆ ਦਾ ਹੱਲ ਮਿਲ ਸਕੇਗਾ। ਬੀਜ ਆਉਣ ਬਾਅਦ ਸਾਬਕਾ ਸਰਪੰਚ ਗਰਦੌਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਇਹ ਬੀਜ ਵੰਡਿਆ ਗਿਆ। ਇਲਾਕੇ ਦੇ ਪੀੜਤ ਕਿਸਾਨਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਮਿਲੀ ਮਦਦ ਲਈ ਸਾਰੇ ਦਾਨੀ ਸੱਜਣਾਂ ਅਤੇ ਜੋਰਾ ਐਗਰੀਟੈਕ ਪ੍ਰਾਈਵੇਟ ਲਿਮਟਿਡ ਦੋਰਾਹਾ ਦਾ ਧੰਨਵਾਦ ਕੀਤਾ ਹੈ।
ਸਿਰਫ਼ ਤੇਲ ਖਰਚ ’ਤੇ ਤੂੜੀ ਬਣਾ ਕੇ ਦੇਵੇਗਾ ਕਿਸਾਨ
ਪਿੰਡ ਲੱਕੜਵਾਲਾ ਦੇ ਨੌਜਵਾਨ ਨਿਰਭੈ ਸਿੰਘ ਸੰਧੂ ਮਲੋਟ ਬਲਾਕ ਵਿੱਚ ਹੋਈ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਐਲਾਨ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਗੜਿਆਂ ਕਾਰਨ ਨੁਕਸਾਨੀ ਗਈ ਹੈ ਅਤੇ ਜਿੱਥੇ ਫਸਲ ਤੋਂ ਤੂੜੀ ਬਣ ਸਕਦੀ ਹੈ, ਉਥੇ ਉਹ ਸਿਰਫ਼ ਤੇਲ ਦੇ ਖਰਚ ‘ਤੇ ਆਪਣੀ ਮਸ਼ੀਨ ਨਾਲ ਤੂੜੀ ਬਣਾ ਕੇ ਦੇਵੇਗਾ। ਉਸ ਦਾ ਕਹਿਣਾ ਸੀ ਕਿ ਪਾਸੇ ਉਨ੍ਹਾਂ ਦੀ ਕਣਕ ਦੀ ਫਸਲ ਬਰਬਾਦ ਹੋ ਗਈ ਹੈ, ਦੂਜੇ ਪਾਸੇ ਪਸ਼ੂਆਂ ਲਈ ਚਾਰੇ ਦੀ ਵੀ ਕਮੀ ਪੈਣ ਦਾ ਖਤਰਾ ਬਣ ਗਿਆ ਹੈ।
20 ਕੁਇੰਟਲ ਕਣਕ ਦੀ ਸੇਵਾ ਕੀਤੀ
ਪਿੰਡ ਫੂਲ ਦੇ ਵਸਨੀਕ ਰਾਜਿੰਦਰ ਸਿੰਘ ਲਾਡੀ ਨੂੰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਅਤੇ ਕਈ ਕਿਸਾਨ ਪਰਿਵਾਰਾਂ ਕੋਲ ਰੋਜ਼ਾਨਾ ਦੀ ਰੋਟੀ ਲਈ ਵੀ ਕਣਕ ਨਹੀਂ ਬਚੀ ਤਾਂ ਉਹ ਤੁਰੰਤ ਮਦਦ ਲਈ ਅੱਗੇ ਆਏ। ਉਹ ਆਪਣੇ ਘਰ ਵਿੱਚ ਪਈ 20 ਕੁਇੰਟਲ ਕਣਕ ਲੈ ਕੇ ਖੁਦ ਪੀੜਤ ਇਲਾਕੇ ਵਿੱਚ ਪਹੁੰਚੇ ਅਤੇ ਲੋੜਵੰਦ ਕਿਸਾਨਾਂ ਵਿੱਚ ਵੰਡ ਕੀਤੀ। ਸਥਾਨਕ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਨੇ ਵੀ ਇਸ ਉਪਰਾਲੇ ਦੀ ਖੂਬ ਸਰਾਹਨਾ ਕੀਤੀ ਹੈ।