- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਤਾਨੀਆ ਆਰਓਬੀ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੋਣ ਕਰ ਕੇ ਬਠਿੰਡਾ ਵਿੱਚੋਂ ਕਈ ਰੇਲਵੇ ਲਾਈਨਾਂ ਲੰਘਦੀਆਂ ਹਨ ਅਤੇ ਇਹ ਲਾਈਨਾਂ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਦੀਆਂ ਹਨ। ਉਨ੍ਹਾਂ ਕਿਹਾ ਕਿ ਅੰਬਾਲਾ, ਦਿੱਲੀ, ਸਿਰਸਾ ਅਤੇ ਬੀਕਾਨੇਰ ਰੇਲਵੇ ਲਾਈਨਾਂ ਉੱਤੇ ਬਣਿਆ ਮੁਲਤਾਨੀਆ ਪੁਲ ਬਠਿੰਡਾ ਦੇ ਵੰਡੇ ਹੋਏ ਹਿੱਸਿਆਂ ਨੂੰ ਆਪਸ ਵਿੱਚ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਦੇ ਵਸਨੀਕਾਂ ਲਈ ਲਗਪਗ 90 ਕਰੋੜ ਰੁਪਏ ਦੇ ਵੱਡੇ ਬੁਨਿਆਦੀ ਢਾਂਚੇ ਦਾ ਤੋਹਫ਼ਾ ਦਿੱਤਾ ਹੈ, ਜਿਸ ਤਹਿਤ ਮੁੜ ਨਿਰਮਾਣ ਕੀਤਾ ਮੁਲਤਾਨੀਆ ਰੇਲਵੇ ਓਵਰ ਬ੍ਰਿਜ (ਆਰਓਬੀ) ਜਨਤਾ ਨੂੰ ਸਮਰਪਿਤ ਕੀਤਾ ਗਿਆ ਅਤੇ ਜਨਤਾ ਨਗਰ ਵਿਖੇ ਨਵੇਂ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ। ਦੋਵਾਂ ਪ੍ਰੋਜੈਕਟਾਂ ਦਾ ਉਦੇਸ਼ ਸ਼ਹਿਰ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਟ੍ਰੈਫਿਕ ਸਮੱਸਿਆਵਾਂ ਨੂੰ ਹੱਲ ਕਰਨਾ ਹੈ।
ਮੁਲਤਾਨੀਆ ਆਰਓਬੀ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੋਣ ਕਰ ਕੇ ਬਠਿੰਡਾ ਵਿੱਚੋਂ ਕਈ ਰੇਲਵੇ ਲਾਈਨਾਂ ਲੰਘਦੀਆਂ ਹਨ ਅਤੇ ਇਹ ਲਾਈਨਾਂ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਦੀਆਂ ਹਨ। ਉਨ੍ਹਾਂ ਕਿਹਾ ਕਿ ਅੰਬਾਲਾ, ਦਿੱਲੀ, ਸਿਰਸਾ ਅਤੇ ਬੀਕਾਨੇਰ ਰੇਲਵੇ ਲਾਈਨਾਂ ਉੱਤੇ ਬਣਿਆ ਮੁਲਤਾਨੀਆ ਪੁਲ ਬਠਿੰਡਾ ਦੇ ਵੰਡੇ ਹੋਏ ਹਿੱਸਿਆਂ ਨੂੰ ਆਪਸ ਵਿੱਚ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪੁਲ ਲਗਪਗ 35 ਸਾਲ ਪੁਰਾਣਾ ਸੀ ਅਤੇ ਸ਼ਹਿਰ ਦੀਆਂ ਆਵਾਜਾਈ ਸਬੰਧੀ ਮੌਜੂਦਾ ਜ਼ਰੂਰਤਾਂ ਲਈ ਢੁੱਕਵਾਂ ਨਹੀਂ ਸੀ। ਸਿਰਫ਼ 23 ਫੁੱਟ ਦੇ ਤੰਗ ਰਸਤੇ ਅਤੇ ਸਰਵਿਸ ਰੋਡ ਦੀ ਨਾਕਾਫ਼ੀ ਚੌੜਾਈ ਕਾਰਨ ਪੁਰਾਣਾ ਪੁਲ ਵਧ ਰਹੀ ਆਵਾਜਾਈ ਲਈ ਢੁੱਕਵਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲ ਵੈਨਾਂ, ਵਪਾਰੀਆਂ, ਐਂਬੂਲੈਂਸਾਂ ਅਤੇ ਭਾਰੀ ਵਾਹਨਾਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਸੀ। ਮਾਨ ਨੇ ਕਿਹਾ ਕਿ ਪੁਲ ਦੀ ਪੁਰਾਣੀ ਅਤੇ ਖਸਤਾ ਹਾਲਤ ਕਾਰਨ, ਬਰਸਾਤ ਦੇ ਮੌਸਮ ਦੌਰਾਨ ਮਿੱਟੀ ਦੀ ਖਾਰ ਕਾਰਨ ਇਸ ਪੁਲ ਵਿੱਚ ਅਕਸਰ ਟੋਏ ਪੈ ਜਾਂਦੇ ਸਨ, ਜਿਸ ਕਾਰਨ ਮੌਨਸੂਨ ਦੌਰਾਨ ਇਸ ਨੂੰ ਅਸਥਾਈ ਤੌਰ ’ਤੇ ਬੰਦ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼ਹਿਰ ਦੇ ਵਸਨੀਕ ਇਸ ਰੇਲਵੇ ਓਵਰ ਬ੍ਰਿਜ ਦੇ ਮੁੜ ਨਿਰਮਾਣ ਦੀ ਮੰਗ ਕਰ ਰਹੇ ਸਨ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਪੁਰਾਣੇ ਪੁਲ ਦੀਆਂ ਪਹੁੰਚਾਂ ਨੂੰ ਢਾਹ ਕੇ ਮੌਜੂਦਾ ਥੰਮ੍ਹਾਂ ’ਤੇ ਨਵਾਂ ਪੁਲ ਬਣਾਉਣ ਦਾ ਫੈਸਲਾ ਕੀਤਾ ਗਿਆ।
ਮਾਨ ਨੇ ਕਿਹਾ ਕਿ ਨਵਾਂ ਮੁਲਤਾਨੀਆ ਆਰਓਬੀ 38.08 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੀ ਕੁੱਲ ਲੰਬਾਈ ਇਕ ਕਿਲੋਮੀਟਰ ਤੋਂ ਥੋੜ੍ਹੀ ਜ਼ਿਆਦਾ ਹੈ ਅਤੇ ਚੌੜਾਈ 23 ਫੁੱਟ ਤੋਂ ਵਧਾ ਕੇ 34.5 ਫੁੱਟ ਕਰ ਦਿੱਤੀ ਗਈ ਹੈ। ਪੁਲ ਦੇ ਹੇਠਾਂ ਵਾਲੀ ਜਗ੍ਹਾ ਨੂੰ ਇੱਕ ਖੇਡ ਮੈਦਾਨ ਵਜੋਂ ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਵਾਕਿੰਗ ਟਰੈਕ, ਬਾਕਸ ਕ੍ਰਿਕਟ, ਸਕੇਟਿੰਗ ਖੇਤਰ, ਬਾਸਕਟਬਾਲ ਕੋਰਟ, ਜਿੰਮ ਸਪੇਸ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ। ਇਸ ਪੁਲ ਦਾ ਕੰਮ 11 ਸਤੰਬਰ, 2023 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਪੁਲ ਆਵਾਜਾਈ ਲਈ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਮੌਜੂਦਾ ਸਮੇਂ ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ ਉੱਤੇ ਜਨਤਾ ਨਗਰ ਵਿਖੇ ਇਕ ਅੰਡਰਬ੍ਰਿਜ ਮੌਜੂਦ ਹੈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਵੀ ਜੋੜਦਾ ਹੈ। ਉਨ੍ਹਾਂ ਕਿਹਾ ਬਠਿੰਡਾ-ਗੋਨਿਆਣਾ ਰੋਡ ਅਤੇ ਬਾਦਲ ਘੁੱਦਾ ਰੋਡ ਨੂੰ ਜੋੜਣ ਵਾਲਾ ਇਹ ਅੰਡਰਬ੍ਰਿਜ ਬਹੁਤ ਤੰਗ ਹੈ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਅੰਡਰਬ੍ਰਿਜ ਰਾਹੀਂ ਆਉਣਾ-ਜਾਣਾ ਕਾਫ਼ੀ ਜੋਖਮ ਭਰਿਆ ਹੈ ਅਤੇ ਇੱਥੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀ ਲੰਬੇ ਸਮੇਂ ਤੋਂ ਇਸ ਸਥਾਨ ’ਤੇ ਰੇਲਵੇ ਓਵਰਬ੍ਰਿਜ ਦੀ ਮੰਗ ਕਰ ਰਹੇ ਹਨ। ਇਸ ਮੰਗ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨਗਰ ਵਿਖੇ 50.86 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਪ੍ਰਸਤਾਵਿਤ ਪੁਲ ਦੀ ਲੰਬਾਈ 650 ਮੀਟਰ ਹੋਵੇਗੀ ਅਤੇ ਚੌੜਾਈ 31 ਫੁੱਟ ਹੋਵੇਗੀ। ਇਸ ਦੇ ਨਾਲ ਲੱਗਦੀ ਸਰਵਿਸ ਰੋਡ ਨੂੰ ਵੀ 18 ਫੁੱਟ ਤੋਂ ਵਧਾ 33 ਫੁੱਟ ਤਕ ਚੌੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਉਸਾਰੀ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ।