- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਦਿਨਾਂ ਵਿਚ ਮੌਸਮ ਠੀਕ ਨਾ ਹੋਇਆ ਤਾਂ ਨੁਕਸਾਨ ਹੋਰ ਵੱਧ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਖੇਤੀ ਦੀ ਵੱਧ ਰਹੀ ਲਾਗਤ ਨਾਲ ਜੂਝ ਰਹੇ ਹਨ। ਬੀਜ, ਖਾਦ ਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਵਧਣ ਕਾਰਨ ਖੇਤੀ ਮਹਿੰਗੀ ਹੋ ਗਈ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮੌਸਮ ਵਿਚ ਅਚਾਨਕ ਆ ਰਹੀਆਂ ਤਬਦੀਲੀਆਂ ਨੇ ਸੂਬੇ ਦੇ ਕਿਸਾਨਾਂ ਦੀਆਂ ਚਿੰਤਾਵਾਂ ਕਾਫੀ ਵਧਾ ਦਿੱਤੀਆਂ ਹਨ। ਮਿਹਨਤ ਨਾਲ ਤਿਆਰ ਕੀਤੀ ਕਣਕ ਦੀ ਫ਼ਸਲ ਇਸ ਵੇਲੇ ਆਪਣੇ ਅਖੀਰਲੇ ਪੜਾਅ ’ਤੇ ਹੈ। ਇਸ ਕਾਰਨ ਕਿਸਾਨ ਚੰਗੀ ਪੈਦਾਵਾਰ ਦੀ ਉਮੀਦ ਕਰ ਰਹੇ ਸਨ ਪਰ ਕੁਦਰਤ ਦੀ ਅਚਾਨਕ ਮਾਰ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਦੇ ਦਿੱਤਾ ਹੈ। ਪਹਿਲਾਂ ਵੱਧ ਰਹੀ ਗਰਮੀ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਸੀ, ਹੁਣ ਅਚਾਨਕ ਕਈ ਇਲਾਕਿਆਂ ਵਿਚ ਹੋਈ ਗੜੇਮਾਰੀ ਅਤੇ ਮੀਂਹ ਨੇ ਕਿਸਾਨਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਐਤਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿਚ ਮੀਂਹ ਤੇ ਗੜੇਮਾਰੀ ਪਿੱਛੋਂ ਮੌਸਮ ਬਦਲ ਗਿਆ। ਕਈ ਥਾਵਾਂ ’ਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਦਰਜ ਕੀਤੀ ਗਈ, ਜਿਸ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ।
ਗੜਿਆਂ ਦੀ ਮਾਰ ਨਾਲ ਕਈ ਖੇਤਾਂ ਵਿਚ ਕਣਕ ਦੀਆਂ ਬੱਲੀਆਂ ਟੁੱਟ ਗਈਆਂ ਹਨ ਜਦਕਿ ਕਈ ਥਾਵਾਂ ’ਤੇ ਤੇਜ਼ ਮੀਂਹ ਕਾਰਨ ਫ਼ਸਲ ਧਰਤੀ ’ਤੇ ਵਿਛ ਗਈ ਹੈ। ਫਸਲ ਦੇ ਧਰਤੀ ’ਤੇ ਡਿੱਗ ਜਾਣ ਨਾਲ ਕਿਸਾਨਾਂ ਨੂੰ ਪੈਦਾਵਾਰ ਘੱਟ ਹੋਣ ਦਾ ਖ਼ਤਰਾ ਸਤਾਉਣ ਲੱਗ ਪਿਆ ਹੈ। ਇਸ ਤੋਂ ਬਾਅਦ ਚੱਲ ਰਹੀਆਂ ਤੇਜ਼ ਹਵਾਵਾਂ ਨੇ ਵੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਕਾਰਨ ਕਣਕ ਦੀ ਫ਼ਸਲ ਦਾ ਹੋਰ ਨੁਕਸਾਨ ਹੋ ਸਕਦਾ ਹੈ। ਖੇਤਾਂ ਵਿਚ ਵਿਛੀ ਫਸਲ ਦੀ ਕਟਾਈ ਦੇ ਸਮੇਂ ਵੀ ਮੁਸ਼ਕਲਾਂ ਆ ਸਕਦੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਦਿਨਾਂ ਵਿਚ ਮੌਸਮ ਠੀਕ ਨਾ ਹੋਇਆ ਤਾਂ ਨੁਕਸਾਨ ਹੋਰ ਵੱਧ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਖੇਤੀ ਦੀ ਵੱਧ ਰਹੀ ਲਾਗਤ ਨਾਲ ਜੂਝ ਰਹੇ ਹਨ। ਬੀਜ, ਖਾਦ ਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਵਧਣ ਕਾਰਨ ਖੇਤੀ ਮਹਿੰਗੀ ਹੋ ਗਈ ਹੈ। ਅਜਿਹੇ ਵਿਚ ਜੇਕਰ ਮੌਸਮ ਦੀ ਮਾਰ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਕਿਸਾਨਾਂ ਨੂੰ ਭਾਰੀ ਆਰਥਿਕ ਝਟਕਾ ਲੱਗ ਸਕਦਾ ਹੈ। ਕਿਸਾਨਾਂ ਮੁਤਾਬਕ ਪਹਿਲਾਂ ਗਰਮੀ ਜ਼ਿਆਦਾ ਹੋਣ ਕਾਰਨ ਕਣਕ ਦੀ ਫਸਲ ਲਈ ਮੌਸਮ ਅਨੁਕੂਲ ਨਹੀ ਸੀ ਪਰ ਹੁਣ ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ।
ਖੇਤੀਬਾੜੀ ਮਾਹਿਰਾਂ ਮੁਤਾਬਕ ਜਿਹੜੇ ਖੇਤਾਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ, ਉਥੇ ਕਿਸਾਨਾਂ ਨੂੰ ਜਲਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਫ਼ਸਲ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ’ਤੇ ਨਜ਼ਰ ਰੱਖਣ ਅਤੇ ਮਾਹਿਰਾਂ ਦੀ ਸਲਾਹ ਮੁਤਾਬਕ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।
ਖੇਤੀ ਵਿਕਾਸ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਕਣਕ ਦੀ ਫ਼ਸਲ ਮਿਲਕੀ ਸਟੇਜ ਵਿੱਚ ਹੁੰਦੀ ਹੈ। ਇਸ ਪੜਾਅ ਦੌਰਾਨ ਕਣਕ ਦੇ ਦਾਣੇ ਦੀ ਗਰੋਥ ਹੋਣੀ ਹੁੰਦੀ ਹੈ ਅਤੇ ਦਾਣਾ ਭਰਨਾ ਸ਼ੁਰੂ ਕਰਦਾ ਹੈ। ਇਸ ਵਾਰ ਮਾਰਚ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਵੱਧ ਰਿਹਾ, ਜਿਸ ਕਾਰਨ ਕਣਕ ਦੇ ਦਾਣੇ ਦੀ ਵਿਕਾਸ ਪ੍ਰਕਿਰਿਆ ਪ੍ਰਭਾਵਤ ਹੋਈ। ਉਨ੍ਹਾਂ ਦੱਸਿਆ ਕਿ ਜ਼ਿਆਦਾ ਗਰਮੀ ਕਾਰਨ ਕਈ ਥਾਵਾਂ ’ਤੇ ਕਣਕ ਦਾ ਦਾਣਾ ਪੂਰੀ ਤਰ੍ਹਾਂ ਭਰਨ ਦੀ ਬਜਾਏ ਪਿਚਕਣਾ ਸ਼ੁਰੂ ਹੋ ਗਿਆ ਸੀ, ਜਿਸ ਨਾਲ ਪੈਦਾਵਾਰ ਘੱਟ ਹੋਣ ਦਾ ਖਤਰਾ ਬਣ ਗਿਆ ਸੀ। ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਆਮ ਤੌਰ ’ਤੇ ਮਾਰਚ ਮਹੀਨੇ ਦੌਰਾਨ ਤਾਪਮਾਨ 25 ਤੋਂ 27 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣਾ ਚਾਹੀਦਾ ਹੈ, ਜੋ ਕਿ ਕਣਕ ਦੀ ਫ਼ਸਲ ਲਈ ਉਚਿਤ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਵੀ ਪਾਰ ਕਰ ਗਿਆ ਸੀ। ਇਸ ਵਧੇ ਹੋਏ ਤਾਪਮਾਨ ਨੇ ਖ਼ਾਸਕਰ ਅਗੇਤੀ ਬੀਜੀ ਕਣਕ ਦੀ ਫਸਲ ’ਤੇ ਨਕਾਰਾਤਮਕ ਅਸਰ ਪਾਇਆ ਹੈ ਅਤੇ ਇਸ ਦੇ ਝਾੜ ਵਿਚ ਕਮੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਹਾਲ ਹੀ ਵਿਚ ਪਏ ਮੀਂਹ ਕਾਰਨ ਮੌਸਮ ਵਿਚ ਕੁਝ ਠੰਢਕ ਆਈ ਹੈ, ਕਣਕ ਦੀ ਫ਼ਸਲ ਲਈ ਕੁਝ ਹੱਦ ਤਕ ਫਾਇਦਾਮੰਦ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੀ ਕਣਕ ਦੀ ਫ਼ਸਲ ਨੂੰ ਮੀਂਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਪਾਣੀ ਲੱਗਿਆ ਸੀ, ਓਹੀ ਫ਼ਸਲ ਜ਼ਿਆਦਾ ਤੌਰ ’ਤੇ ਧਰਤੀ ’ਤੇ ਡਿੱਗੀ ਹੈ। ਇਸ ਦਾ ਕਾਰਨ ਇਹ ਹੈ ਕਿ ਪਾਣੀ ਲੱਗਣ ਨਾਲ ਫਸਲ ਦਾ ਨਾੜ ਕੁਝ ਕਮਜ਼ੋਰ ਹੋ ਜਾਂਦਾ ਹੈ ਤੇ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਫ਼ਸਲ ਡਿੱਗ ਜਾਂਦੀ ਹੈ। ਜਦੋਂ ਫਸਲ ਧਰਤੀ ’ਤੇ ਡਿੱਗ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਪੈਦਾਵਾਰ ’ਤੇ ਪੈਂਦਾ ਹੈ ਤੇ ਝਾੜ ਘੱਟ ਹੋ ਸਕਦਾ ਹੈ।