- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ CIA Team ਇਕ ਮਾਮਲੇ 'ਚ ਸਤਨਾਮ ਸਿੰਘ ਅਤੇ ਬਲਜਿੰਦਰ ਸਿੰਘ ਦੀ ਭਾਲ ਕਰ ਰਹੀ ਸੀ। ਪੁਲਿਸ ਦਾ ਦਾਅਵਾ ਸੀ ਕਿ ਭਿੰਦਰ ਸਿੰਘ ਉਨ੍ਹਾਂ ਦੇ ਨਾਲ ਸੀ ਅਤੇ ਪੁਲਿਸ ਨੂੰ ਦੇਖ ਕੇ ਉਸ ਨੇ ਝੀਲ ਵਿਚ ਛਾਲ ਮਾਰ ਦਿੱਤੀ। ਪੁਲਿਸ ਨੇ ਉਸ ਨੂੰ ਬਚਾਉਣ ਅਤੇ ਹਸਪਤਾਲ ਪਹੁੰਚਾਉਣ ਦੀ ਗੱਲ ਕਹੀ ਸੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਜਾਸੰ, ਬਠਿੰਡਾ : ਕਰੀਬ ਡੇਢ ਸਾਲ ਪਹਿਲਾਂ ਬਠਿੰਡਾ 'ਚ ਪੁਲਿਸ ਹਿਰਾਸਤ ਦੌਰਾਨ ਇਕ ਵਿਅਕਤੀ ਦੀ ਮੌਤ ਮਾਮਲੇ 'ਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ 'ਚ ਮੁਲਜ਼ਮ ਠਹਿਰਾਏ ਗਏ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਖ਼ਿਲਾਫ਼ ਹੱਤਿਆ ਸਮੇਤ ਹੋਰ ਧਾਰਾਵਾਂ ਤਹਿਤ ਟਰਾਇਲ ਚੱਲੇਗਾ। ਸਥਾਨਕ ਅਦਾਲਤ ਨੇ ਕੇਸ ਨੂੰ ਸੈਸ਼ਨ ਕੋਰਟ 'ਚ ਭੇਜ ਦਿੱਤਾ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਮੌਜੂਦ ਹਨ। ਮਾਮਲੇ ਦੀ ਅਗਲੀ ਸੁਣਵਾਈ 20 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ। ਮੁਲਜ਼ਮਾਂ ਵਿੱਚ ਉਸ ਸਮੇਂ ਦੇ ਸੀਆਈਏ-1 (CIA-1) ਦੇ ਤਤਕਾਲੀ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ, ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਅਤੇ ਕਾਂਸਟੇਬਲ ਗਗਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਸ਼ਾਮਲ ਹਨ। ਇਹ ਸਾਰੇ ਉਸ ਸਮੇਂ ਬਠਿੰਡਾ ਦੀ ਸੀਆਈਏ-1 ਯੂਨਿਟ 'ਚ ਤਾਇਨਾਤ ਸਨ।
ਇਹ ਮਾਮਲਾ ਜ਼ਿਲ੍ਹੇ ਦੇ ਪਿੰਡ ਲੱਖੀ ਜੰਗਲ ਦੇ ਨਿਵਾਸੀ ਭਿੰਦਰ ਸਿੰਘ ਦੀ ਮੌਤ ਨਾਲ ਜੁੜਿਆ ਹੈ ਜਿਸ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ ਸੀ। ਜੁਡੀਸ਼ੀਅਲ ਜਾਂਚ ਵਿਚ ਸਾਹਮਣੇ ਆਇਆ ਕਿ ਭਿੰਦਰ ਸਿੰਘ 'ਤੇ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਗਿਆ ਸੀ। ਰਿਪੋਰਟ ਅਨੁਸਾਰ, ਉਸ ਨੂੰ "ਵਾਟਰਬੋਰਡਿੰਗ" (Waterboarding) ਤਕਨੀਕ ਨਾਲ ਤਸੀਹੇ ਦਿੱਤੇ ਗਏ ਜਿਸ ਵਿਚ ਵਿਅਕਤੀ ਨੂੰ ਡੁੱਬਣ ਵਰਗੀ ਸਥਿਤੀ 'ਚ ਲਿਆਂਦਾ ਜਾਂਦਾ ਹੈ। ਜਾਂਚ ਵਿਚ ਇਹ ਵੀ ਕਿਹਾ ਗਿਆ ਕਿ ਸੀਆਈਏ ਟੀਮ ਨੇ ਭਿੰਦਰ ਸਿੰਘ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਨੂੰ ਹਾਦਸਾਗ੍ਰਸਤ ਡੁੱਬਣ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।
ਜੁਡੀਸ਼ੀਅਲ ਜਾਂਚ ਨੇ ਡਿਜੀਟਲ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ 'ਤੇ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਭਿੰਦਰ ਸਿੰਘ ਦੀ ਮੌਤ ਥਰਮਲ ਪਲਾਂਟ ਦੇ ਕੋਲ ਝੀਲ 'ਚ ਡੁੱਬਣ ਕਾਰਨ ਹੋਈ ਸੀ। ਮ੍ਰਿਤਕ ਦਾ ਭਰਾ ਸਤਨਾਮ ਸਿੰਘ, ਜੋ ਉਸ ਸਮੇਂ ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਬੰਦ ਸੀ, ਨੇ 19 ਅਕਤੂਬਰ 2024 ਨੂੰ ਸੈਸ਼ਨ ਜੱਜ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਨੂੰ ਪੁਲਿਸ ਨੇ ਨਾਜਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਸੀਆਈਏ ਟੀਮ ਇਕ ਮਾਮਲੇ 'ਚ ਸਤਨਾਮ ਸਿੰਘ ਅਤੇ ਬਲਜਿੰਦਰ ਸਿੰਘ ਦੀ ਭਾਲ ਕਰ ਰਹੀ ਸੀ। ਪੁਲਿਸ ਦਾ ਦਾਅਵਾ ਸੀ ਕਿ ਭਿੰਦਰ ਸਿੰਘ ਉਨ੍ਹਾਂ ਦੇ ਨਾਲ ਸੀ ਅਤੇ ਪੁਲਿਸ ਨੂੰ ਦੇਖ ਕੇ ਉਸ ਨੇ ਝੀਲ ਵਿਚ ਛਾਲ ਮਾਰ ਦਿੱਤੀ। ਪੁਲਿਸ ਨੇ ਉਸ ਨੂੰ ਬਚਾਉਣ ਅਤੇ ਹਸਪਤਾਲ ਪਹੁੰਚਾਉਣ ਦੀ ਗੱਲ ਕਹੀ ਸੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰ ਨੇ 18 ਅਕਤੂਬਰ 2024 ਨੂੰ ਪ੍ਰਦਰਸ਼ਨ ਕਰਦੇ ਹੋਏ ਇਸ ਨੂੰ ਹਿਰਾਸਤੀ ਮੌਤ ਦੱਸਿਆ ਸੀ। ਜਾਂਚ ਵਿੱਚ ਮੋਬਾਈਲ ਕਾਲ ਡਿਟੇਲ ਰਿਕਾਰਡ ਤੋਂ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਅਤੇ ਇੰਸਪੈਕਟਰ ਨਵਪ੍ਰੀਤ ਸਿੰਘ ਦੇ ਫ਼ੋਨ ਇੱਕੋ ਸਮੇਂ 'ਤੇ ਇੱਕੋ ਇਲਾਕੇ ਵਿੱਚ ਸਰਗਰਮ ਸਨ। ਇਸ ਤੋਂ ਇਲਾਵਾ ਪੋਸਟਮਾਰਟਮ 'ਚ ਦੋ ਦਿਨਾਂ ਦੀ ਦੇਰੀ ਵੀ ਸਾਹਮਣੇ ਆਈ ਜਿਸ ਨੂੰ ਜਾਂਚ ਵਿਚ ਸ਼ੱਕੀ ਮੰਨਿਆ ਗਿਆ ਤੇ ਸ਼ੰਕਾ ਜਤਾਈ ਗਈ ਕਿ ਇਹ ਦੇਰੀ ਪਰਿਵਾਰ 'ਤੇ ਦਬਾਅ ਬਣਾਉਣ ਲਈ ਕੀਤੀ ਗਈ ਹੋ ਸਕਦੀ ਹੈ।