ਬਠਿੰਡਾ ਵਾਸੀ ਇੰਜੀਨੀਅਰ ਰੁਪਿੰਦਰਜੀਤ ਸਿੰਘ ਵੱਲੋਂ ਕੇਂਦਰੀ ਪੈਟਰੋਲੀਅਮ ਤੇ ਨੈਚਰਲ ਗੈਸ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇਸ ਮਾਮਲੇ ਸਬੰਧੀ ਭੇਜੇ ਗਏ ਪੱਤਰ ਦੇ ਬਾਅਦ ਵਿਭਾਗ ਵੱਲੋਂ 19 ਫ਼ਰਵਰੀ ਨੂੰ ਜਾਰੀ ਇਕ ਪੱਤਰ ’ਚ ਇਹ ਸਪੱਸ਼ਟ ਕੀਤਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਖਾੜੀ ਦੇਸ਼ਾਂ ’ਚ ਲੱਗੀ ਜੰਗ ਤੋਂ ਬਾਅਦ ਸੂਬੇ ਅੰਦਰ ਗੈਸ ਦੀ ਕਿੱਲਤ ਤੋਂ ਬਾਅਦ ਹੁਣ ਕੇਂਦਰੀ ਪੈਟਰੋਲੀਅਮ ਤੇ ਨੈਚਰਲ ਗੈਸ ਵਿਭਾਗ ਨੇ ਗੈਸ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਘਰੇਲੂ ਗੈਸ ਸਿਲੰਡਰ ਦੀ ਡਲਿਵਰੀ ਨੂੰ ਲੈ ਕੇ ਚੱਲ ਰਹੀ ਉਲਝਣ ’ਚ ਕੇਂਦਰੀ ਪੈਟਰੋਲੀਅਮ ਤੇ ਨੈਚਰਲ ਗੈਸ ਵਿਭਾਗ ਨੇ ਵੱਡਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਲੈਣ ਲਈ ਓਟੀਪੀ ਜਾਂ ਡੀਏਸੀ (ਡਿਲਿਵਰੀ ਆਥੈਂਟੀਕੇਸ਼ਨ ਕੋਡ) ਦੇਣਾ ਲਾਜਮੀ ਨਹੀਂ ਹੈ। ਹੁਣ ਏਜੰਸੀ ਮਾਲਕਾਂ ਨੂੰ ਓਟੀਪੀ ਅਤੇ ਡੀਏਸੀ ਬਿਨਾਂ ਉਪਭੋਗਤਾ ਨੂੰ ਗੈਸ ਸਿਲੰਡਰ ਦੇਣਾ ਪਵੇਗਾ। ਬਠਿੰਡਾ ਵਾਸੀ ਇੰਜੀਨੀਅਰ ਰੁਪਿੰਦਰਜੀਤ ਸਿੰਘ ਵੱਲੋਂ ਕੇਂਦਰੀ ਪੈਟਰੋਲੀਅਮ ਤੇ ਨੈਚਰਲ ਗੈਸ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇਸ ਮਾਮਲੇ ਸਬੰਧੀ ਭੇਜੇ ਗਏ ਪੱਤਰ ਦੇ ਬਾਅਦ ਵਿਭਾਗ ਵੱਲੋਂ 19 ਫ਼ਰਵਰੀ ਨੂੰ ਜਾਰੀ ਇਕ ਪੱਤਰ ’ਚ ਇਹ ਸਪੱਸ਼ਟ ਕੀਤਾ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਪੱਤਰ ’ਚ ਦੱਸਿਆ ਗਿਆ ਹੈ ਕਿ ਓਟੀਪੀ ਜਾਂ ਡੀਏਸੀ ਸਿਰਫ਼ ਡਲਿਵਰੀ ਕਰਨ ਵਾਲੇ ਏਜੰਸੀ ਦੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਲੰਡਰ ਸਹੀ ਉਪਭੋਗਤਾ ਤਕ ਪਹੁੰਚਿਆ ਹੈ ਪਰ ਇਸ ਤੋਂ ਬਿਨਾਂ ਗੈਸ ਏਜੰਸੀ ਉਪਭੋਗਤਾ ਦਾ ਸਿਲੰਡਰ ਨਹੀਂ ਰੋਕ ਸਕੇਗੀ ਤੇ ਉਸ ਨੂੰ ਗੈਸ ਸਿਲੰਡਰ ਜਾਰੀ ਕਰਨਾ ਪਵੇਗਾ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਕੋਡ ਲਾਜ਼ਮੀ ਨਹੀਂ ਹਨ ਤੇ ਉਪਭੋਗਤਾ ਇਸ ਤੋਂ ਬਿਨਾਂ ਵੀ ਸਿਲੰਡਰ ਪ੍ਰਾਪਤ ਕਰ ਸਕਦੇ ਹਨ। ਪੱਤਰ ’ਚ ਇੰਜੀਨੀਅਰ ਰੁਪਿੰਦਰਜੀਤ ਸਿੰਘ ਨੇ ਚਿੰਤਾ ਜਤਾਈ ਸੀ ਕਿ ਆਈਟੀ ਸਿਸਟਮ ਰਾਹੀਂ ਡੀਏਸੀ ਨਾਲ ਸਬੰਧਤ ਡਾਟਾ ਚੋਰੀ ਹੋ ਸਕਦਾ ਹੈ ਤੇ ਇਸ ਦਾ ਗਲਤ ਇਸਤੇਮਾਲ ਕਰ ਕੇ ਘਰੇਲੂ ਗੈਸ ਸਿਲੰਡਰਾਂ ਦੀ ਡਾਇਵਰਸ਼ਨ ਕੀਤੀ ਜਾ ਰਹੀ ਹੈ।
ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਘਰੇਲੂ ਗੈਸ ਸਿਲੰਡਰ ਲੈਣ ਦੌਰਾਨ ਉਪਭੋਗਤਾਵਾਂ ਤੋਂ ਓਟੀਪੀ ਮੰਗਣ ਤੇ ਡੀਏਸੀ ਬਿਨਾਂ ਸਿਲੰਡਰ ਨਾ ਦੇਣ ਦੀਆਂ ਸ਼ਿਕਾਇਤਾਂ ਵਿਚਕਾਰ ਹੁਣ ਕੇਂਦਰੀ ਵਿਭਾਗ ਦਾ ਇਹ ਫੈਸਲਾ ਉਪਭੋਗਤਾਵਾਂ ਲਈ ਰਾਹਤ ਭਰਿਆ ਹੈ। ਭਾਜਪਾ ਦੀ ਟਿਕਟ ’ਤੇ ਭੁੱਚੋ ਹਲਕੇ ਤੋਂ ਸਾਲ 2022 ਦੀ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਇੰਜੀਨੀਅਰ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਇੰਡੇਨ ਡਵੀਜ਼ਨਲ ਦਫ਼ਤਰ ਵੱਲੋਂ ਭੇਜੇ ਪੱਤਰ ’ਚ ਦੱਸਿਆ ਗਿਆ ਹੈ ਕਿ ਜਦੋਂ ਕੋਈ ਗਾਹਕ ਐੱਲਪੀਜੀ ਸਿਲੰਡਰ ਦੀ ਬੁਕਿੰਗ ਕਰਦਾ ਹੈ ਤਾਂ ਉਸ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ 6 ਅੰਕਾਂ ਦਾ ਡਲਿਵਰੀ ਆਥੈਂਟੀਕੇਸ਼ਨ ਕੋਡ (ਡੀਏਸੀ/ਓਟੀਪੀ) ਭੇਜਿਆ ਜਾਂਦਾ ਹੈ।
ਡਲਿਵਰੀ ਸਮੇਂ ਗਾਹਕ ਇਹ ਕੋਡ ਡਲਿਵਰੀਮੈਨ ਨਾਲ ਸਾਂਝਾ ਕਰਦਾ ਹੈ, ਜਿਸ ਤੋਂ ਬਾਅਦ ਡਿਸਟ੍ਰੀਬਿਊਟਰ ਦੇ ਸਿਸਟਮ ’ਚ ਇਹ ਦਰਜ ਹੋ ਜਾਂਦਾ ਹੈ ਕਿ ਸਿਲੰਡਰ ਗਾਹਕ ਨੂੰ ਮਿਲ ਗਿਆ ਹੈ। ਹਾਲਾਂਕਿ ਕੰਪਨੀ ਨੇ ਆਪਣੇ ਜਵਾਬ ’ਚ ਸਪੱਸ਼ਟ ਲਿਖਿਆ ਹੈ ਕਿ ਓਟੀਪੀ ਜਾਂ ਡੀਏਸੀ ਰਾਹੀਂ ਡਲਿਵਰੀ ਦੀ ਪੁਸ਼ਟੀ ਕਰਨਾ ਲਾਜ਼ਮੀ ਨਹੀਂ ਹੈ। ਇਹ ਪ੍ਰਕਿਰਿਆ ਸਿਰਫ਼ ਇਸ ਲਈ ਲਾਗੂ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਲੰਡਰ ਸਹੀ ਉਪਭੋਗਤਾ ਤਕ ਪਹੁੰਚ ਰਿਹਾ ਹੈ ਤੇ ਕਿਸੇ ਕਿਸਮ ਦੀ ਗ਼ਲਤ ਡਲਿਵਰੀ ਜਾਂ ਗੜਬੜ ਨਾ ਹੋਵੇ। ਇਸ ਲਈ ਓਟੀਪੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਇਹ ਲਾਜ਼ਮੀ ਵੀ ਨਹੀਂ ਹੈ।
ਕੰਪਨੀ ਦੇ ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ’ਚ ਓਟੀਪੀ ਜਾਂ ਡੀਏਸੀ ਰਾਹੀਂ ਡਲਿਵਰੀ ਪੁਸ਼ਟੀ ਕਰਨ ਵਾਲੇ ਮਾਮਲਿਆਂ ’ਚ ਲਗਾਤਾਰ ਵਾਧਾ ਹੋਇਆ ਹੈ। ਅਪ੍ਰੈਲ 2025 ’ਚ ਇਹ ਅੰਕੜਾ ਕੇਵਲ 15.74 ਫ਼ੀਸਦੀ ਸੀ, ਜਿਹੜਾ ਜਨਵਰੀ 2026 ਤਕ ਵਧ ਕੇ 62.07 ਫ਼ੀਸਦੀ ਤਕ ਪਹੁੰਚ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਤੇ ਡਿਸਟ੍ਰੀਬਿਊਟਰਾਂ ਨੂੰ ਇਸ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਡਿਲਿਵਰੀ ਪ੍ਰਕਿਰਿਆ ਹੋਰ ਪਾਰਦਰਸ਼ੀ ਬਣ ਸਕੇ।
ਏਜੰਸੀ ਸੰਚਲਾਕਾਂ ਵੱਲੋਂ ਕੋਡ ਤੋਂ ਬਿਨਾਂ ਸਿਲੰਡਰ ਤੋਂ ਨਾਂਹ
ਕੇਂਦਰੀ ਪੈਟਰੋਲੀਅਮ ਵਿਭਾਗ ਵੱਲੋਂ ਸਪੱਸ਼ਟ ਕਰਨ ਦੇ ਬਾਵਜੂਦ ਸ਼ਹਿਰ ਦੇ ਕਈ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਕਈ ਗੈਸ ਏਜੰਸੀਆਂ ਵੱਲੋਂ ਸਿਲੰਡਰ ਦੇਣ ਤੋਂ ਪਹਿਲਾਂ ਕੋਡ ਮੰਗਿਆ ਜਾ ਰਿਹਾ ਹੈ ਇਸ ਦੇ ਬਿਨਾਂ ਸਿਲੰਡਰ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਮੋਬਾਈਲ ਨੈੱਟਵਰਕ ਦੀ ਸਮੱਸਿਆ ਜਾਂ ਮੈਸੇਜ ਦੇਰ ਨਾਲ ਆਉਣ ਕਾਰਨ ਉਪਭੋਗਤਾ ਤੁਰੰਤ ਓਟੀਪੀ ਨਹੀਂ ਦੇ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਗੈਸ ਸਿਲੰਡਰ ਦੇਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਜੇ ਕੰਪਨੀ ਦੇ ਨਿਯਮਾਂ ਅਨੁਸਾਰ ਓਟੀਪੀ ਲਾਜ਼ਮੀ ਨਹੀਂ ਹੈ ਤਾਂ ਏਜੰਸੀਆਂ ਨੂੰ ਵੀ ਇਹ ਗੱਲ ਸਪੱਸ਼ਟ ਤੌਰ ’ਤੇ ਦੱਸਣੀ ਚਾਹੀਦੀ ਹੈ ਤੇ ਉਪਭੋਗਤਾਵਾਂ ’ਤੇ ਬਿਨਾਂ ਲੋੜ ਦਬਾਅ ਨਹੀਂ ਬਣਾਉਣਾ ਚਾਹੀਦਾ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਏਜੰਸੀ ਸੰਚਾਲਕ ਬਿਨਾਂ ਕੋਡ ਤੋਂ ਗੈਸ ਸਿਲੰਡਰ ਨਹੀਂ ਦੇ ਰਹੇ, ਜਿਸ ਕਾਰਨ ਲੋਕ ਏਜੰਸੀ ਦੇ ਬਾਹਰ ਲਾਈਨਾਂ ’ਚ ਲੱਗਣ ਲਈ ਮਜ਼ਬੂਰ ਹਨ।
ਏਜੰਸੀ ਮਾਲਕਾਂ ਤੇ ਵੱਧ ਪੈਸੇ ਵਸੂਲਣ ਦਾ ਦੋਸ਼
ਗੈਸ ਸਿਲੰਡਰ ਲੈਣ ਵਾਲੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ਏਜੰਸੀ ਸੰਚਾਲਕ ਉਨ੍ਹਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ। ਗੈਸ ਉਪਭੋਗਤਾ ਜਗਦੀਪ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਗੈਸ ਸਿਲੰਡਰ 952 ਰੁਪਏ ਦਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਏਜੰਸੀ ਸੰਚਾਲਕਾਂ ਨੇ ਉਪਭੋਗਤਾ ਦੇ ਘਰ ਪਹੁੰਚਾਉਣਾ ਹੁੰਦਾ ਹੈ ਪਰ ਲੋਕ ਖੁਦ ਹੀ ਗੈਸ ਸਿਲੰਡਰ ਗੋਦਾਮ ਜਾਂ ਏਜੰਸੀ ਦੇ ਬਾਹਰੋਂ ਲੈ ਕੇ ਜਾ ਰਹੇ ਹਨ ਪਰ ਉਨ੍ਹਾਂ ਤੋਂ ਪੂਰਾ ਰੇਟ ਵਸੂਲਿਆ ਜਾ ਰਿਹਾ ਹੈ। ਹਾਲਾਂਕਿ ਜੇਕਰ ਕੋਈ ਵਿਅਕਤੀ ਏਜੰਸੀ ਦੇ ਗੁਦਾਮ ਜਾਂ ਉਨ੍ਹਾਂ ਵੱਲੋਂ ਦੱਸੀ ਜਗ੍ਹਾ ਤੋਂ ਗੈਸ ਸਿਲੰਡਰ ਲੈਂਦਾ ਹੈ ਤਾਂ ਉਸ ਨੂੰ 18 ਰੁਪਏ ਘਰ ਕੀਮਤ ’ਚ ਸਿਲੰਡਰ ਦੇਣਾ ਹੁੰਦਾ ਹੈ ਪਰ ਏਜੰਸੀ ਸੰਚਾਲਕ ਪੂਰੇ ਪੈਸੇ ਵਸੂਲ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਇੰਜੀਨੀਅਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਏਜੰਸੀਆਂ ਦੇ ਬਾਹਰ ਸ਼ਰੇਆਮ ਸਿਲੰਡਰ ਵੰਡੇ ਜਾ ਰਹੇ ਹਨ ਜਿਹੜਾ ਕਿ ਨਿਯਮਾਂ ਦਾ ਵੱਡਾ ਉਲੰਘਣ ਹੈ। ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰ ਏਜੰਸੀ ਦੇ ਗੋਦਾਮ ਜਾਂ ਫ਼ਿਰ ਉਪਭੋਗਤਾ ਦੇ ਘਰ ਪੁੱਜਦਾ ਕਰਨਾ ਹੁੰਦਾ ਹੈ ਪਰ ਸ਼ਹਿਰ ’ਚ ਥਾਂ-ਥਾਂ ’ਤੇ ਟਰਾਲੀਆਂ ਲਾ ਕੇ ਗੈਸ ਵੰਡੀ ਜਾਂਦੀ ਹੈ।
ਓਟੀਪੀ ਕੀ ਹੁੰਦਾ ਹੈ?
ਸਿਲੰਡਰ ਬੁਕਿੰਗ ਤੋਂ ਬਾਅਦ ਗਾਹਕ ਦੇ ਮੋਬਾਈਲ ’ਤੇ ਆਉਣ ਵਾਲਾ 6 ਅੰਕਾਂ ਦਾ ਕੋਡ ਡਲਿਵਰੀ ਸਮੇਂ ਡਲਿਵਰੀਮੈਨ ਨੂੰ ਦਿੱਤਾ ਜਾਂਦਾ ਹੈ। ਇਸ ਨਾਲ ਸਿਸਟਮ ’ਚ ਡਲਿਵਰੀ ਦੀ ਪੁਸ਼ਟੀ ਹੋ ਜਾਂਦੀ ਹੈ। ਓਟੀਪੀ ਨਾਲ ਡਲਿਵਰੀ ਦੀ ਪੁਸ਼ਟੀ ਲਾਜ਼ਮੀ ਨਹੀਂ। ਸਿਰਫ਼ ਪਾਰਦਰਸ਼ਤਾ ਤੇ ਸੁਰੱਖਿਆ ਲਈ ਵਰਤੋਂ ਵਧਾਈ ਜਾ ਰਹੀ ਹੈ