ਬਠਿੰਡਾ: ਗਰਲਫ੍ਰੈਂਡ ਦਾ ਕਤਲ ਕਰਕੇ ਲਾਸ਼ ਸਾੜੀ, ਲਾਲ ਸੂਟਕੇਸ 'ਚ ਕੀਤੀ ਪੈਕ... ਤਿੰਨ ਦਿਨਾਂ ਬਾਅਦ ਮੁਲਜ਼ਮ ਪ੍ਰੇਮੀ ਗ੍ਰਿਫ਼ਤਾਰ
ਕਤਲ ਦੇ ਕਾਰਨਾਂ ਨੂੰ ਲੈ ਕੇ ਕਈ ਪਹਿਲੂਆਂ 'ਤੇ ਜਾਂਚ ਚੱਲ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਅੱਜ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਘਟਨਾਕ੍ਰਮ ਅਤੇ ਕਤਲ ਦੇ ਕਾਰਨਾਂ ਦਾ ਖੁਲਾਸਾ ਕਰ ਸਕਦੇ ਹਨ।
Publish Date: Fri, 13 Feb 2026 10:34 AM (IST)
Updated Date: Fri, 13 Feb 2026 10:44 AM (IST)
ਜਾਗਰਣ ਸੰਵਾਦਦਾਤਾ, ਬਠਿੰਡਾ: ਬਠਿੰਡਾ ਦੇ ਮਲੋਟ ਰੋਡ 'ਤੇ ਸਥਿਤ ਪਿੰਡ ਬਹਿਮਣ ਦੀਵਾਨਾ ਨੇੜੇ ਸੂਟਕੇਸ ਵਿੱਚ ਮਿਲੀ ਮੁਟਿਆਰ ਦੇ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਲਗਾਤਾਰ ਤਿੰਨ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਇਸ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ ਹੈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਟਿਆਰ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਕਥਿਤ ਪ੍ਰੇਮੀ ਨੇ ਹੀ ਕੀਤਾ ਸੀ, ਜਿਸ ਨਾਲ ਉਹ ਆਪਣਾ ਘਰ-ਬਾਰ ਛੱਡ ਕੇ ਰਹਿ ਰਹੀ ਸੀ। ਸੂਤਰਾਂ ਅਨੁਸਾਰ ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਤਲ ਦੇ ਕਾਰਨਾਂ ਨੂੰ ਲੈ ਕੇ ਕਈ ਪਹਿਲੂਆਂ 'ਤੇ ਜਾਂਚ ਚੱਲ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਅੱਜ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਘਟਨਾਕ੍ਰਮ ਅਤੇ ਕਤਲ ਦੇ ਕਾਰਨਾਂ ਦਾ ਖੁਲਾਸਾ ਕਰ ਸਕਦੇ ਹਨ।
ਮ੍ਰਿਤਕਾ ਦੀ ਪਛਾਣ ਬਾਘਾਪੁਰਾਣਾ ਦੀ ਰਹਿਣ ਵਾਲੀ ਮਲਿਕਾ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੀ। ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਮੁੱਖ ਸੜਕ 'ਤੇ ਇੱਕ ਲਾਲ ਰੰਗ ਦੇ ਸੂਟਕੇਸ ਵਿੱਚੋਂ ਮੁਟਿਆਰ ਦੀ ਲਾਸ਼ ਬਰਾਮਦ ਹੋਈ ਸੀ। ਮੌਕੇ 'ਤੇ ਡੀ.ਐੱਸ.ਪੀ. ਪਰਵਿੰਦਰ ਸਿੰਘ ਸਰਾਂ ਅਤੇ ਐੱਸ.ਐੱਚ.ਓ. ਜਸਵਿੰਦਰ ਸਿੰਘ ਫੋਰੈਂਸਿਕ ਟੀਮ ਸਮੇਤ ਪਹੁੰਚੇ ਸਨ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਮੁਟਿਆਰ ਦੀ ਅੱਧੀ ਸੜੀ ਹੋਈ ਲਾਸ਼ ਮਿਲੀ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਟਿਆਰ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਨਿਸ਼ਾਨ ਸਨ। ਇਸ ਤੋਂ ਸਾਫ਼ ਹੋ ਗਿਆ ਸੀ ਕਿ ਕਤਲ ਤੋਂ ਬਾਅਦ ਸਬੂਤ ਮਿਟਾਉਣ ਦੇ ਇਰਾਦੇ ਨਾਲ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਫਿਰ ਸੂਟਕੇਸ ਵਿੱਚ ਭਰ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ।
ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦਰਿੰਦਗੀ ਭਰੇ ਕਤਲ ਨੇ ਇੱਕ ਵਾਰ ਫਿਰ ਸਮਾਜ ਵਿੱਚ ਵਧ ਰਹੇ ਅਪਰਾਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।