ਬਠਿੰਡਾ: ਨਸ਼ੇ ਦੀ ਜਾਂਚ ਕਰਨ ਗਈ ਪੁਲਿਸ ਟੀਮ 'ਤੇ ਪਿੰਡ ਵਾਸੀਆਂ ਦਾ ਹਮਲਾ, ਜਾਂਚ ਅਧਿਕਾਰੀ ਦੀ ਵਰਦੀ ਪਾੜੀ
ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਪਰਮਜੀਤ ਸਿੰਘ 9 ਅਪ੍ਰੈਲ 2026 ਨੂੰ ਪੁਲਿਸ ਟੀਮ ਸਮੇਤ ਪਿੰਡ ਵਿੱਚ ਸ਼ੱਕੀ ਵਿਅਕਤੀ ਸੀਪਾ ਸਿੰਘ ਦੇ ਘਰ ਪਹੁੰਚੇ ਸਨ। ਪੁਲਿਸ ਟੀਮ ਵਿੱਚ ਇੰਸਪੈਕਟਰ ਤਰਨਦੀਪ ਸਿੰਘ ਸਮੇਤ ਹੋਰ ਕਰਮਚਾਰੀ ਵੀ ਸ਼ਾਮਲ ਸਨ।
Publish Date: Sun, 12 Apr 2026 10:24 AM (IST)
Updated Date: Sun, 12 Apr 2026 10:29 AM (IST)

ਗੁਰਤੇਜ ਸਿੰਘ ਸਿੱਧੂ , ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਥਾਣਾ ਮੌੜ ਇਲਾਕੇ ਦੇ ਪਿੰਡ ਘੁੰਮਣ ਕਲਾਂ ਵਿੱਚ ਡਰੱਗਸ ਸੰਬੰਧੀ ਜਾਂਚ ਦੌਰਾਨ ਪੁਲਿਸ ਪਾਰਟੀ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਕਈ ਨਾਮਜ਼ਦ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਪਰਮਜੀਤ ਸਿੰਘ 9 ਅਪ੍ਰੈਲ 2026 ਨੂੰ ਪੁਲਿਸ ਟੀਮ ਸਮੇਤ ਪਿੰਡ ਵਿੱਚ ਸ਼ੱਕੀ ਵਿਅਕਤੀ ਸੀਪਾ ਸਿੰਘ ਦੇ ਘਰ ਪਹੁੰਚੇ ਸਨ। ਪੁਲਿਸ ਟੀਮ ਵਿੱਚ ਇੰਸਪੈਕਟਰ ਤਰਨਦੀਪ ਸਿੰਘ ਸਮੇਤ ਹੋਰ ਕਰਮਚਾਰੀ ਵੀ ਸ਼ਾਮਲ ਸਨ। ਜਦੋਂ ਪੁਲਿਸ ਨੇ ਸੀਪਾ ਸਿੰਘ ਨਾਲ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ ਅਤੇ ਵਿਰੋਧ ਕਰਨ ਲੱਗੇ। ਦੇਖਦੇ ਹੀ ਦੇਖਦੇ ਮਾਮਲਾ ਤਣਾਅਪੂਰਨ ਹੋ ਗਿਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਨਾਲ ਕੁਝ ਗੁਆਂਢੀ ਵੀ ਉੱਥੇ ਇਕੱਠੇ ਹੋ ਗਏ। ਦੋਸ਼ ਹੈ ਕਿ ਉਨ੍ਹਾਂ ਨੇ ਪੁਲਿਸ ਨਾਲ ਗਾਲੀ-ਗਲੋਚ ਕੀਤੀ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਮੁਲਜਮ ਨੇ ਜਾਂਚ ਅਧਿਕਾਰੀ ਦੀ ਵਰਦੀ ਫਾੜ ਦਿੱਤੀ, ਜਦਕਿ ਇੱਕ ਹੋਰ ਵਿਅਕਤੀ ਘਰ ਵਿੱਚੋਂ ਹਥਿਆਰਨੁਮਾ ਕੱਸੀਆ ਲੈ ਆਇਆ ਅਤੇ ਪੁਲਿਸ ਨੂੰ ਧਮਕਾਉਣ ਲੱਗ ਪਿਆ। ਸਥਿਤੀ ਉਸ ਵੇਲੇ ਹੋਰ ਵਿਗੜ ਗਈ ਜਦੋਂ ਮੁਲਜਮਾ ਨੇ ਇੱਟਾਂ-ਪੱਥਰ ਚੁੱਕ ਕੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਪੁਲਿਸ ਕਰਮਚਾਰੀਆਂ ਨੂੰ ਆਪਣੀ ਜਾਨ ਬਚਾ ਕੇ ਸਰਕਾਰੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਨਿਕਲਣਾ ਪਿਆ। ਬਾਅਦ ਵਿੱਚ ਪੁਲਿਸ ਟੀਮ ਬੱਸ ਸਟੈਂਡ ਦੇ ਨੇੜੇ ਇਕੱਠੀ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਟਹਿਲ ਸਿੰਘ, ਬੱਗਾ ਸਿੰਘ, ਨਾਇਬ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਪੀਚਾ ਸਿੰਘ, ਗੁਰਮੀਤ ਕੌਰ, ਗੁਲਾਬ ਸਿੰਘ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।