- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਕੇ 'ਤੇ ਮੌਜੂਦ ਪਿੰਡ ਡੂੰਮਵਾਲੀ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਟੋਨੀ, ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਕਣਕ ਦੀ ਫਸਲ ਐਨ ਪੱਕਣ ਕਿਨਾਰੇ ਸੀ ਤਾਂ ਉਸ ਸਮੇਂ ਪਾਣੀ ਦੀ ਮਾਰ ਨਾਲ ਕਿਸਾਨਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋਇਆ ਹੈ।

ਧਰਮਪਾਲ ਸਿੰਘ, ਸੰਗਤ ਮੰਡੀ : ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਡੂੰਮਵਾਲੀ ਕੋਲੋਂ ਲੰਘਦੀ ਲਸਾੜਾ ਡਰੇਨ 'ਚ ਮੰਗਲਵਾਰ ਸਵੇਰ ਸਮੇਂ 50 ਫੁੱਟ ਚੌੜਾ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਖੜੀ ਕਣਕ ਦੀ ਫ਼ਸਲ ਪਾਣੀ 'ਚ ਡੁੱਬ ਕੇ ਨੁਕਸਾਨੀ ਗਈ। ਸੰਗਤ ਬਲਾਕ ਦੇ ਵੱਖ ਵੱਖ ਪਿੰਡਾਂ ਚੋਂ ਲੰਘਦੀ ਪਿੰਡ ਦੁਨੇਵਾਲਾ, ਮਛਾਣਾ,ਗੁਰਥੜੀ, ਜੱਸੀ ਬਾਗਵਾਲੀ,ਕੁਟੀ ਕਿਸ਼ਨਪੁਰਾ,ਚੱਕਰੁਲਦੂ ਸਿੰਘ ਵਾਲਾ,ਪਥਰਾਲਾ, ਡੂੰਮਵਾਲੀ ਲਸਾੜਾ ਡਰੇਨ ਵਿੱਚ ਅੱਜ ਸਵੇਰ ਸਮੇਂ ਪਿੰਡ ਡੂੰਮਵਾਲੀ ਨੇੜੇ ਖੇਤਾਂ 'ਚ 50 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਵਿੱਚ 4 ਤੋ 5 ਫੁੱਟ ਤਕ ਪਾਣੀ ਭਰ ਗਿਆ। ਲਸਾੜਾ ਡਰੇਨ ਟੁੱਟਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਆਸ-ਪਾਸ ਪਿੰਡਾਂ ਦੇ ਕਿਸਾਨ ਫਸਲਾਂ ਨੂੰ ਬਚਾਉਣ ਲਈ ਜੱਦੋਜਹਿਦ ਕਰਨ ਲੱਗੇ ਪਰ ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਹੋਣ ਕਰਕੇ ਉਹ ਬੇਬੱਸ ਨਜ਼ਰ ਆਏ ਤੇ ਪਾਣੀ ਦੀ ਮਾਰ 'ਚੋਂ ਆਪਣੀਆਂ ਫ਼ਸਲਾਂ ਨੂੰ ਬਚਾ ਨਾ ਸਕੇ।
ਮੌਕੇ 'ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹਰ ਸਾਲ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਲਸਾੜਾ ਡਰੇਨ ਚ ਜਮਾਂ ਹੁੰਦੇ ਪਾਣੀ ਨਾਲ ਨੁਕਸਾਨ ਝੱਲਣਾ ਪੈਂਦਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਉੱਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਕੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਡਰੇਨ 'ਚ ਪਏ ਪਾੜ ਪੈਣ ਨਾਲ ਧਰੀਆਂ ਧਰਾਈਆਂ ਹੀ ਰਹਿ ਗਈਆਂ। ਉਨ੍ਹਾਂ ਦੱਸਿਆ ਕਿ ਇਸ ਪਾੜ ਪੈਣ ਨਾਲ ਪਿੰਡ ਡੂੰਮਵਾਲੀ ਦੇ ਲਗਪਗ 150 ਏਕੜ ਰਕਬੇ ਚ ਖੜ੍ਹੀ ਦਰਜਨਾਂ ਕਿਸਾਨਾਂ ਦੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਨੂੰ ਤਰੁੰਤ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
ਮੌਕੇ 'ਤੇ ਮੌਜੂਦ ਪਿੰਡ ਡੂੰਮਵਾਲੀ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਟੋਨੀ, ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਕਣਕ ਦੀ ਫਸਲ ਐਨ ਪੱਕਣ ਕਿਨਾਰੇ ਸੀ ਤਾਂ ਉਸ ਸਮੇਂ ਪਾਣੀ ਦੀ ਮਾਰ ਨਾਲ ਕਿਸਾਨਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋਇਆ ਹੈ। ਕਿਉਂਕਿ ਕਿਸਾਨਾਂ ਵੱਲੋਂ ਫਸਲ ਨੂੰ ਪਾਲਣ ਸਮੇਂ ਹਜ਼ਾਰਾਂ ਰੁਪਏ ਖਰਚਾ ਕੀਤਾ ਜਾ ਚੁੱਕਾ ਸੀ ਅਤੇ ਹੁਣ ਫਸਲ ਨੂੰ ਕੱਟਣਾ ਹੀ ਬਾਕੀ ਰਹਿ ਗਿਆ ਸੀ ਜੋਂ ਪਾਣੀ ਦੀ ਭੇਟ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਲਸਾੜਾ ਡਰੇਨ ਵਿਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਉੱਚਾ ਹੋਣ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਪਾਣੀ ਦਾ ਪੱਧਰ ਨੀਵਾਂ ਕਰਨ ਲਈ ਕੋਈ ਵੀ ਉਪਰਾਲਾ ਕਰਨ ਦਾ ਯਤਨ ਨਹੀਂ ਕੀਤਾ ਗਿਆ। ਇਸ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਪੱਕਣ 'ਤੇ ਆਈ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਪਾਣੀ ਦੀ ਭੇਟ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਵੱਲੋਂ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲੈਕੇ ਕਣਕ ਦੀ ਕਾਸ਼ਤ ਕੀਤੀ ਹੋਈ ਸੀ ਜੋ ਪਾਣੀ ਦੀ ਮਾਰ ਹੇਠ ਆਕੇ ਨੁਕਸਾਨੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਤਰੁੰਤ ਗਿਰਦਾਵਰੀ ਕਰਵਾ ਕੇ ਇੱਕ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।