ਬਠਿੰਡਾ: ਜੰਮੂ-ਕਸ਼ਮੀਰ ਬੈਂਕ ਦੇ ਅਧਿਕਾਰੀਆਂ ਨੇ ਗਾਹਕ ਦੇ ਜਾਅਲੀ ਦਸਤਖ਼ਤ ਕਰਕੇ ਮਾਰੀ ਲੱਖਾਂ ਦੀ ਠੱਗੀ, 4 ਖ਼ਿਲਾਫ਼ ਕੇਸ ਦਰਜ
ਪੁਲਿਸ ਨੇ ਚਾਰੇ ਕਥਿਤ ਦੋਸ਼ੀਆਂ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ, ਠੱਗੀ ਦਾ ਦੂਜਾ ਮਾਮਲਾ ਥਾਣਾ ਸਾਈਬਰ ਕਰਾਈਮ ਵਿੱਚ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਈਬਰ ਠੱਗਾਂ ਨੇ ਪਹਿਲਾਂ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਨਲਾਈਨ ਲੋਕਾਂ ਦੇ ਪੈਸੇ ਵਧਣ ਦੇ ਫ਼ਰਜ਼ੀ ਸਕ੍ਰੀਨਸ਼ੌਟ ਦਿਖਾ ਕੇ ਆਪਣੇ ਜਾਲ ਵਿੱਚ ਫਸਾਇਆ।
Publish Date: Thu, 16 Apr 2026 12:34 PM (IST)
Updated Date: Thu, 16 Apr 2026 12:36 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ। ਜ਼ੰਮੂ ਤੇ ਕਸ਼ਮੀਰ ਬੈਂਕ ਅਧਿਕਾਰੀਆਂ ਨੇ ਹੀ ਆਪਣੇ ਗਾਹਕ ਨਾਲ ਵਿਸ਼ਵਾਸਘਾਤ ਕਰਦਿਆਂ ਜਾਅਲੀ ਦਸਤਖ਼ਤਾਂ ਰਾਹੀਂ ਲੱਖਾਂ ਦੀ ਠੱਗੀ ਮਾਰੀ, ਉੱਥੇ ਹੀ ਸਾਈਬਰ ਠੱਗਾਂ ਨੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਦੀ ਮਿਹਨਤ ਦੀ ਕਮਾਈ ਉਡਾ ਲਈ।
ਪੁਲਿਸ ਨੇ ਦੋਵਾਂ ਸ਼ਿਕਾਇਤਾਂ ਦੇ ਅਧਾਰ 'ਤੇ ਧੋਖਾਧੜੀ ਦੇ ਮੁਕਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਵਿੱਚ ਦਰਜ ਮਾਮਲੇ ਅਨੁਸਾਰ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸਰਦੂਲ ਸਿੰਘ ਨੇ ਦੱਸਿਆ ਹੈ ਕੀ ਜੰਮੂ ਅਤੇ ਕਸ਼ਮੀਰ ਬੈਂਕ ਦੇ ਤਤਕਾਲੀ ਮੈਨੇਜਰ ਯਸਪਾਲ, ਸ਼ਹਿਰ ਦੀ ਗੋਲ ਡਿੱਗੀ ਸ਼ਾਖਾ ਦੇ ਸਹਾਇਕ ਮੈਨੇਜਰ ਜਤਿੰਦਰ ਕੁਮਾਰ ਅਤੇ ਕਲਰਕ ਵਿਸ਼ਨੂੰ ਸਿੰਘ ਨੇ ਇਕ ਸਾਜ਼ਿਸ਼ ਤਹਿਤ ਉਸ ਦੇ ਜਾਅਲੀ ਦਸਤਖ਼ਤ ਕੀਤੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ।
ਇਹਨਾਂ ਅਧਿਕਾਰੀਆਂ ਨੇ ਮਲੋਟ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਨਾਮੀ ਵਿਅਕਤੀ ਨਾਲ ਮਿਲੀਭੁਗਤ ਕਰਕੇ ਪੀੜਤ ਦੇ ਨਾਂ 'ਤੇ ਲੱਖਾਂ ਰੁਪਏ ਦਾ ਕਰਜ਼ਾ ਲੈ ਲਿਆ ਅਤੇ ਰਕਮ ਹੜੱਪ ਲਈ। ਪੁਲਿਸ ਨੇ ਚਾਰੇ ਕਥਿਤ ਦੋਸ਼ੀਆਂ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ, ਠੱਗੀ ਦਾ ਦੂਜਾ ਮਾਮਲਾ ਥਾਣਾ ਸਾਈਬਰ ਕਰਾਈਮ ਵਿੱਚ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਈਬਰ ਠੱਗਾਂ ਨੇ ਪਹਿਲਾਂ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਨਲਾਈਨ ਲੋਕਾਂ ਦੇ ਪੈਸੇ ਵਧਣ ਦੇ ਫ਼ਰਜ਼ੀ ਸਕ੍ਰੀਨਸ਼ੌਟ ਦਿਖਾ ਕੇ ਆਪਣੇ ਜਾਲ ਵਿੱਚ ਫਸਾਇਆ।
ਜਦੋਂ ਕੁਲਦੀਪ ਉਨ੍ਹਾਂ ਦੇ ਝਾਂਸੇ ਵਿੱਚ ਆ ਗਿਆ, ਤਾਂ ਠੱਗਾਂ ਨੇ ਉਸ ਨੂੰ ਜ਼ਬਰਦਸਤੀ ਡੀਮੈਟ ਅਕਾਊਂਟ ਖੁਲਵਾਉਣ ਲਈ ਭਰਮਾਇਆ ਅਤੇ ਭਾਰੀ ਨਿਵੇਸ਼ ਕਰਵਾ ਕੇ ਉਸ ਨਾਲ ਲੱਖਾਂ ਦੀ ਠੱਗੀ ਮਾਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਠੱਗੀ ਦੀਆਂ ਤਾਰਾਂ ਕਿੱਥੋਂ ਜੁੜੀਆਂ ਹਨ, ਉਸ ਦਾ ਪਤਾ ਲਗਾਇਆ ਜਾ ਸਕੇ।