Batala News : ਦਿਨ-ਦਿਹਾੜੇ ਵਾਪਰੀ ਵਾਰਦਾਤ, ਭਾਜਪਾ ਦਫ਼ਤਰ ’ਚ ਦਾਖਲ ਹੋ ਕੇ ਭਾਜਪਾ ਵਰਕਰ ਤੇ ਹੋਰਡਿੰਗ ਬੋਰਡ ’ਤੇ ਅਣਪਛਾਤੇ ਵਿਅਕਤੀਆਂ ਨੇ ਸੁੱਟੀ ਕਾਲੀ ਸਿਆਹੀ
ਅੱਜ ਬਟਾਲਾ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ’ਚ ਕਾਰ ’ਚ ਸਵਾਰ ਹੋ ਕੇ ਆਏ 20 ਤੋਂ 25 ਅਣਪਛਾਤੇ ਵਿਅਕਤੀਆਂ ਵਲੋਂ ਦਫਤਰ ’ਚ ਦਾਖਲ ਹੋ ਕੇ ਇਕ ਭਾਜਪਾ ਵਰਕਰ ਅਤੇ ਦਫਤਰ ’ਚ ਲੱਗੇ ਭਾਜਪਾ ਨੇਤਾਵਾਂ ਦੇ ਹੋਰਡਿੰਗ ਬੋਰਡ ‘ਤੇ ਕਾਲੀ ਸਿਆਹੀ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Mon, 11 May 2026 05:25 PM (IST)
Updated Date: Mon, 11 May 2026 05:29 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਬਟਾਲਾ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ’ਚ ਕਾਰ ’ਚ ਸਵਾਰ ਹੋ ਕੇ ਆਏ 20 ਤੋਂ 25 ਅਣਪਛਾਤੇ ਵਿਅਕਤੀਆਂ ਵਲੋਂ ਦਫਤਰ ’ਚ ਦਾਖਲ ਹੋ ਕੇ ਇਕ ਭਾਜਪਾ ਵਰਕਰ ਅਤੇ ਦਫਤਰ ’ਚ ਲੱਗੇ ਭਾਜਪਾ ਨੇਤਾਵਾਂ ਦੇ ਹੋਰਡਿੰਗ ਬੋਰਡ ‘ਤੇ ਕਾਲੀ ਸਿਆਹੀ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਸਿਟੀ ਸੁਖਇੰਦਰ ਸਿੰਘ ਅਤੇ ਥਾਣਾ ਸਿਟੀ ਦੀ ਪੁਲਸ ਵਲੋਂ ਘਟਨਾਸਥਲ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਵਰਕਰ ਸੰਜੀਵ ਗੁਪਤਾ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਭਾਜਪਾ ਦਫਤਰ ਬਟਾਲਾ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੁਪਹਿਰ 3 ਵਜੇ ਦੇ ਕਰੀਬ 20 ਤੋਂ 25 ਅਣਪਛਾਤੇ ਵਿਅਕਤੀ ਕਾਰਾਂ ’ਚ ਸਵਰ ਹੋ ਕੇ ਭਾਜਪਾ ਦਫ਼ਤਰ ’ਚ ਆਏ ਅਤੇ ਉਨ੍ਹਾਂ ਵਲੋਂ ਜ਼ਿਲਾ ਭਾਜਪਾ ਪ੍ਰਧਾਨ ਹੀਰਾ ਵਾਲੀਆ ਦੇ ਬਾਰੇ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨਾਲ ਗਲਤ ਵਿਹਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਕਰਦੇ ਹੋਏ ਉਨ੍ਹ ’ਤੇ ਅਤੇ ਦਫਤਰ ’ਚ ਭਾਜਪਾ ਨੇਤਾਵਾਂ ਦੇ ਹੋਡਿੰਗ ਬੋਰਡ ’ਤੇ ਕਾਫਲੀ ਸਿਆਹੀ ਸੁੱਟੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸੰਬੰਧ ’ਚ ਭਾਜਪਾ ਜ਼ਿਲਾ ਪ੍ਰਧਾਨ ਹੀਰਾ ਵਾਲੀਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਚੈਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।