ਭਿਆਨਕ ਸੜਕ ਹਾਦਸਾ: ਟਿੱਪਰ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ, ਭੈਣ ਗੰਭੀਰ ਜ਼ਖ਼ਮੀ
ਜਦੋਂ ਉਹ ਹਰਚੋਵਾਲ ਦੇ ਸਕੂਲ ਗਰਾਊਂਡ ਨੇੜੇ ਪਹੁੰਚੇ, ਤਾਂ ਇੱਕ ਜੀਪ ਨੂੰ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਮਿੱਟੀ ਨਾਲ ਭਰੇ ਟਿੱਪਰ ਹੇਠਾਂ ਆ ਗਿਆ।
Publish Date: Tue, 21 Apr 2026 03:33 PM (IST)
Updated Date: Tue, 21 Apr 2026 03:37 PM (IST)
ਕਸ਼ਮੀਰ ਸਿੰਘ ਸੰਧੂ,ਪੰਜਾਬੀ ਜਾਗਰਣ,ਸ਼੍ਰੀ ਹਰਗੋਬਿੰਦਪੁਰ ਸਾਹਿਬ। ਕਸਬਾ ਹਰਚੋਵਾਲ ਵਿਖੇ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਭੈਣ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮ੍ਰਿਤਕ ਦੀ ਪਛਾਣ ਗਗਨਦੀਪ (ਪੁੱਤਰ ਰੁਮਾਲੀ) ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਗਗਨਦੀਪ ਆਪਣੀ ਭੈਣ ਕਾਜਲ ਅਤੇ ਚਾਚੇ ਦੀ ਲੜਕੀ ਉਪਸਮਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਠਿਆਲੀ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ।
ਘਟਨਾ ਦੀ ਵਜ੍ਹਾ
ਜਦੋਂ ਉਹ ਹਰਚੋਵਾਲ ਦੇ ਸਕੂਲ ਗਰਾਊਂਡ ਨੇੜੇ ਪਹੁੰਚੇ, ਤਾਂ ਇੱਕ ਜੀਪ ਨੂੰ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਮਿੱਟੀ ਨਾਲ ਭਰੇ ਟਿੱਪਰ ਹੇਠਾਂ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗਗਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਭੈਣ ਕਾਜਲ ਗੰਭੀਰ ਜ਼ਖ਼ਮੀ ਹੋ ਗਈ, ਜਦਕਿ ਦੂਜੀ ਲੜਕੀ ਉਪਸਮਾ ਦਾ ਵਾਲ-ਵਾਲ ਬਚਾਅ ਰਿਹਾ।
ਪੁਲਿਸ ਅਤੇ ਹਸਪਤਾਲ ਦੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਸਮੇਤ ਏ.ਐੱਸ.ਆਈ. ਲਖਵਿੰਦਰ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਨੇ ਗਗਨਦੀਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ।ਜ਼ਖ਼ਮੀ ਕਾਜਲ ਨੂੰ 108 ਐਂਬੂਲੈਂਸ ਰਾਹੀਂ ਤੁਰੰਤ ਹਰਚੋਵਾਲ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।