ਬਟਾਲਾ 'ਚ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਨੇ ਵਧਾਈ ਚਿੰਤਾ, ਉਮੀਦ ਫਾਊਂਡੇਸ਼ਨ ਨੇ ਐਸਪੀ ਨੂੰ ਸੌਂਪਿਆ ਮੰਗ ਪੱਤਰ
ਅੱਜ ਸਮਾਜ ਸੇਵੀ ਸੰਸਥਾ ਉਮੀਦ ਫਾਊਂਡੇਸ਼ਨ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਐਸਐਸਪੀ ਦਫਤਰ ਬਟਾਲਾ ਵਿਖੇ ਪਹੁੰਚ ਕੇ ਐਸਪੀ ਇਨਵੈਸਟੀਗੇਸ਼ਨ ਸੰਦੀਪ ਵਡੇਰਾ ਨਾਲ ਮੁਲਾਕਾਤ ਕੀਤੀ ਗਈ
Publish Date: Wed, 29 Apr 2026 02:56 PM (IST)
Updated Date: Wed, 29 Apr 2026 03:02 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਸਮਾਜ ਸੇਵੀ ਸੰਸਥਾ ਉਮੀਦ ਫਾਊਂਡੇਸ਼ਨ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਐਸਐਸਪੀ ਦਫਤਰ ਬਟਾਲਾ ਵਿਖੇ ਪਹੁੰਚ ਕੇ ਐਸਪੀ ਇਨਵੈਸਟੀਗੇਸ਼ਨ ਸੰਦੀਪ ਵਡੇਰਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੱਧ ਰਹੀ ਪ੍ਰਵਾਸੀ ਵਿਅਕਤੀਆਂ ਦੀ ਗਿਣਤੀ ਸਬੰਧੀ ਜਾਂਚ ਕਰਨ ਲਈ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਹ ਮੰਗ ਪੱਤਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਐਡਵੋਕੇਟ ਸੁਰਸ਼ ਭਾਟੀਆ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਬਟਾਲਾ ਅਤੇ ਮੌਜੂਦਾ ਚੇਅਰਮੈਨ ਉਮੀਦ ਫਾਊਂਡੇਸ਼ਨ ਤੇ ਪ੍ਰਧਾਨ ਫਾਊਂਡੇਸ਼ਨ ਰਮੇਸ਼ ਅਗਰਵਾਲ ਦੀ ਸਾਂਝੀ ਅਗਵਾਈ ਹੇਠ ਦਿੱਤਾ ਗਿਆ।
ਇਸ ਮੌਕੇ ਐਡਵੋਕੇਟ ਭਾਟੀਆ ਨੇ ਐਸਪੀ ਵਡੇਹਰਾ ਨੂੰ ਜਾਣੁ ਕਰਵਾਉਂਦੀਆਂ ਦੱਸਿਆ ਕਿ ਸ਼ਹਿਰ ਵਿੱਚ ਜਿਸ ਤਰ੍ਹਾਂ ਪ੍ਰਵਾਸੀ ਵਿਅਕਤੀਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਉਹ ਡੂੰਗੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਪ੍ਰਵਾਸੀ ਵਿਅਕਤੀਆਂ ਦੇ ਆਧਾਰ ਕਾਰਡ, ਪਿਛੋਕੜ ਅਤੇ ਸ਼ਹਿਰ ਚ ਇਹਨਾਂ ਦੇ ਰਹਿਣ ਵਾਲੀਆਂ ਵੱਖ ਵੱਖ ਥਾਵਾਂ ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਪ੍ਰਵਾਸੀ ਵਿਅਕਤੀਆਂ ਵੱਲੋਂ ਸ਼ਹਿਰ ਵਿੱਚ ਜੋ ਦੁਕਾਨਾਂ ਕਿਰਾਏ ਆਦਿ ਉਤੇ ਲਈਆਂ ਹੋਈਆਂ ਹਨ, ਉਨਾਂ ਵਿੱਚ ਕਿਰਾਏ ਦੀ ਅਸਮਾਨਤਾ ਆਉਣ ਦੀਆਂ ਸ਼ਿਕਾਇਤਾਂ ਮਿਲਣ ਨਾਲ ਇਸ ਦੀ ਵੀ ਪੁਲਿਸ ਪਹਿਲ ਦੇ ਅਧਾਰ ਤੇ ਜਾਂਚ ਕਰੇ।
ਉਨਾਂ ਮੰਗ ਪੱਤਰ ਰਾਹੀਂ ਐਸਪੀ ਵਡੇਰਾ ਤੋਂ ਇਹ ਵੀ ਮੰਗ ਕੀਤੀ ਕਿ ਪ੍ਰਵਾਸੀ ਵਿਅਕਤੀਆਂ ਦੇ ਵੋਟਰ ਕਾਰਡਾਂ ਵਿੱਚ ਦਰਜ ਇਹਨਾਂ ਦੇ ਨਾਵਾਂ ਦੀ ਜਾਂਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਜਾਵੇ ਅਤੇ ਜੇਕਰ ਲੋੜ ਪਵੇ ਤਾਂ ਕੇਂਦਰੀ ਏਜੰਸੀਆਂ ਨਾਲ ਸੰਪਰਕ ਬਣਾ ਕੇ ਦੇਸ਼ ਦੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਇਸ ਜਾਂਚ ਨੂੰ ਸੁਦ੍ਰਿੜ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਭਵਿੱਖ ਵਿੱਚ ਗੰਭੀਰ ਨਤੀਜੇ ਨਾ ਭੁਗਤਣੇ ਪੈਣ ਕਿਉਂਕਿ ਇਹ ਵਿਸ਼ਾ ਦੇਸ਼ ਦੀ ਅੰਦਰੂਨੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।