Batala News : ਕਤਲ ਮਾਮਲੇ ਦਾ ਮੁਲਜ਼ਮ ਤੇ ਨਸ਼ਾ ਤਸਕਰ ਥਾਣੇ 'ਚੋਂ ਫ਼ਰਾਰ
ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸੇਖਵਾਂ ਦੇ ਅੰਦਰੋਂ ਬੀਤੀ ਰਾਤ ਕਤਲ ਕੇਸ ਦਾ ਮੁਲਜ਼ਮ ਅਤੇ ਇਕ ਨਸ਼ਾ ਤਸਕਰ ਹਵਾਲਾਤ ਤੋੜ ਕੇ ਫ਼ਰਾਰ ਹੋ ਗਏ ਹਨ, ਇਸ ਕਾਰਨ ਥਾਣੇ ਦੀ ਪੁਲਿਸ ਤੇ ਬਟਾਲਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
Publish Date: Sat, 25 Apr 2026 07:46 PM (IST)
Updated Date: Sat, 25 Apr 2026 07:50 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ : ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸੇਖਵਾਂ ਦੇ ਅੰਦਰੋਂ ਬੀਤੀ ਰਾਤ ਕਤਲ ਕੇਸ ਦਾ ਮੁਲਜ਼ਮ ਅਤੇ ਇਕ ਨਸ਼ਾ ਤਸਕਰ ਹਵਾਲਾਤ ਤੋੜ ਕੇ ਫ਼ਰਾਰ ਹੋ ਗਏ ਹਨ, ਇਸ ਕਾਰਨ ਥਾਣੇ ਦੀ ਪੁਲਿਸ ਤੇ ਬਟਾਲਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਦੱਸ ਦੇਈਏ ਕਿ ਕਤਲ ਕੇਸ ਦਾ ਮੁਲਜ਼ਮ ਗੁਰਮੀਤ ਸਿੰਘ ਜਿੰਦੀ ਤੇ ਦੂਸਰਾ ਮੁਲਜ਼ਮ ਹਰਪਾਲ ਸਿੰਘ ਵਾਸੀ ਚੂਹੜ ਚੱਕ ਹੈ ਜੋ ਕਿ ਦੋ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਮੁਲਜ਼ਮ ਬੀਤੀ ਰਾਤ ਥਾਣਾ ਸੇਖਵਾਂ ਦੀ ਪੁਲਿਸ ਦੇ ਨੱਕ ਹੇਠਾਂ ਤੋਂ ਹਵਾਲਾਤ ਨੂੰ ਤੋੜ ਕੇ ਫ਼ਰਾਰ ਹੋਏ ਹਨ।
ਇਸ ਮਾਮਲੇ ਸਬੰਧੀ ਜਦੋਂ ਪੁਲਿਸ ਥਾਣਾ ਸੇਖਵਾਂ ਦੀ ਐੱਸਐੱਚਓ ਰਜਵੰਤ ਕੌਰ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਚੱਲ ਰਹੀ ਹੈ, ਜਦੋਂ ਉਨ੍ਹਾਂ ਕੋਲੋਂ ਫੋਨ ’ਤੇ ਪੁੱਛਿਆ ਕਿ ਹਵਾਲਾਤ ਤੋੜ ਕੇ ਦੋਵੇਂ ਮੁਲਜ਼ਮ ਕਿਵੇਂ ਫ਼ਰਾਰ ਹੋਏ? ਤਾਂ ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਹਵਾਲਾਤ ਤੋੜ ਕੇ ਫਰਾਰ ਨਹੀਂ ਹੋਏ ਜਦਕਿ ਉਨ੍ਹਾਂ ਨੇ ਪੂਰਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ।
ਦੱਸ ਦਈਏ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸਪੀ ਰੈਂਕ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਹੋਏ ਸਨ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਅਜਿਹੀ ਚਰਚਾ ਹੈ ਕਿ ਜੇ ਹਵਾਲਾਤ ਵਿਚ ਬੰਦ ਕੀਤੇ ਮੁਲਜ਼ਮ ਫ਼ਰਾਰ ਹੋ ਸਕਦੇ ਹਨ ਤਾਂ ਉਹ ਆਪਣੇ ਆਪ ਨੂੰ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਨ।