ਦੁਬਈ ’ਚ ਲਾਪਤਾ ਹੋਇਆ ਪਿੰਡ ਕੈਰੇ ਦਾ ਨੌਜਵਾਨ: ਪਿਛਲੇ 46 ਦਿਨਾਂ ਤੋਂ ਨਹੀਂ ਹੋਇਆ ਕੋਈ ਸੰਪਰਕ, ਸਦਮੇ 'ਚ ਪਰਿਵਾਰ
ਇਸ ਮੌਕੇ ਲਾਪਤਾ ਨੌਜਵਾਨ ਦੀ ਮਾਤਾ ਨਸੀਬ ਕੌਰ ਤੇ ਪਿਤਾ ਭੋਰਾ ਸਿੰਘ ਨੇ ਦੱਸਿਆ ਕਿ ਪੁੱਤਰ ਕਰੀਬ ਇਕ ਸਾਲ ਪਹਿਲਾਂ ਰੁਜ਼ਗਾਰ ਲਈ ਦੁਬਈ ਗਿਆ ਸੀ, ਜਿੱਥੇ ਉਹ ਨਿੱਜੀ ਕੰਪਨੀ ’ਚ ਕੰਮ ਕਰਦਾ ਸੀ। 18 ਫਰਵਰੀ ਨੂੰ ਪੁੱਤਰ ਨਾਲ ਆਖਰੀ ਵਾਰ ਫੋਨ ’ਤੇ ਗੱਲਬਾਤ ਹੋਈ ਸੀ।
Publish Date: Fri, 27 Mar 2026 09:20 AM (IST)
Updated Date: Fri, 27 Mar 2026 09:24 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੈਰੇ ਦੇ ਰਹਿਣ ਵਾਲੇ ਨੌਜਵਾਨ ਬੀਰਬਲ ਸਿੰਘ ਦੇ ਪਿਛਲੇ 46 ਦਿਨਾਂ ਤੋਂ ਵਿਦੇਸ਼ ਵਿਚ ਲਾਪਤਾ ਹੋਣ ਕਾਰਨ ਪਰਿਵਾਰ ਗਹਿਰੇ ਸਦਮੇ ਵਿਚ ਹੈ। ਪਰਿਵਾਰਕ ਮੈਂਬਰਾਂ ਨੇ ਭਾਵੁਕ ਹੋ ਕੇ ਸਰਕਾਰ ਤੇ ਪ੍ਰਸ਼ਾਸਨ ਕੋਲ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਲਈ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਇਸ ਮੌਕੇ ਲਾਪਤਾ ਨੌਜਵਾਨ ਦੀ ਮਾਤਾ ਨਸੀਬ ਕੌਰ ਤੇ ਪਿਤਾ ਭੋਰਾ ਸਿੰਘ ਨੇ ਦੱਸਿਆ ਕਿ ਪੁੱਤਰ ਕਰੀਬ ਇਕ ਸਾਲ ਪਹਿਲਾਂ ਰੁਜ਼ਗਾਰ ਲਈ ਦੁਬਈ ਗਿਆ ਸੀ, ਜਿੱਥੇ ਉਹ ਨਿੱਜੀ ਕੰਪਨੀ ’ਚ ਕੰਮ ਕਰਦਾ ਸੀ। 18 ਫਰਵਰੀ ਨੂੰ ਪੁੱਤਰ ਨਾਲ ਆਖਰੀ ਵਾਰ ਫੋਨ ’ਤੇ ਗੱਲਬਾਤ ਹੋਈ ਸੀ। ਉਸ ਵੇਲੇ ਪੁੱਤਰ ਨੇ ਦੱਸਿਆ ਸੀ ਕਿ ਭਾਰਤ ਵਾਪਸੀ ਦੀ ਟਿਕਟ ਹੋ ਚੁੱਕੀ ਹੈ ਅਤੇ ਉਹ ਜਲਦੀ ਘਰ ਪਹੁੰਚੇਗਾ ਜਦਕਿ ਨਿਰਧਾਰਤ ਮਿਤੀ ਲੰਘ ਜਾਣ ਦੇ ਬਾਵਜੂਦ ਨਾ ਉਹ ਘਰ ਆਇਆ ਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋ ਸਕਿਆ। ਮਾਤਾ ਨਸੀਬ ਕੌਰ ਨੇ ਭਿੱਜੀਆਂ ਅੱਖਾਂ ਨਾਲ ਕਿਹਾ ਕਿ ਪਿਛਲੇ 46 ਦਿਨ ਹੋ ਗਏ ਪਰ ਹਾਲੇ ਕੋਈ ਖ਼ਬਰ ਨਹੀਂ ਮਿਲੀ। ਪਿਤਾ ਭੋਰਾ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਤੀ ਅਰਜ਼ੀ ਦੇ ਕੇ ਮਦਦ ਮੰਗੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਕੋਈ ਹੋਰ ਆਸਰਾ ਨਹੀਂ ਬਚਿਆ ਤੇ ਉਹ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਭਾਲ ਕਰਵਾ ਕੇ ਉਸ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾਵੇ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।