ਬਰਨਾਲਾ ਨਗਰ ਨਿਗਮ ਦਾ ਪਹਿਲਾ ਮੇਅਰ ਹੋਵੇਗਾ ‘ਆਪ’ ਦਾ : ਮੀਤ ਹੇਅਰ
ਬਰਨਾਲਾ ਨਗਰ ਨਿਗਮ ਦਾ ਪਹਿਲਾ ਮੇਅਰ ਹੋਵੇਗਾ ‘ਆਪ’ ਦਾ : ਮੀਤ ਹੇਅਰ
Publish Date: Wed, 20 May 2026 06:17 PM (IST)
Updated Date: Wed, 20 May 2026 06:19 PM (IST)

- ‘ਆਪ’ ਦੇ 50 ਵਾਰਡਾਂ ’ਚ ਉਮੀਦਵਾਰ, ਸਾਡੇ ਰੁੱਸਿਆ ਨੂੰ ਟਿਕਟ ਦੇ ਰਹੇ ਆ ਅਕਾਲੀ ਤੇ ਭਾਜਪਾ ਵਾਲੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਨਗਰ ਕੌਂਸਲ ਤੋਂ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਲਈ ਉਨ੍ਹਾਂ 15 ਦਿਨ ਬਹੁਤ ਭੱਜਦੌੜ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚਾਈਂ ਚਾਈਂ ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਹੈ। ਇਹ ਸ਼ਬਦ ਪੰਜਾਬ ਸਰਕਾਰ ’ਚ ਕਈ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ ਤੇ ਮੈਂਬਰ ਪਾਲਰੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਦੇ ਵੱਖ-ਵੱਖ ਵਾਰਡਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਮੰਚ ਤੋਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਰਨਾਲਾ ਨਗਰ ਨਿਗਮ ਦਾ ਪਹਿਲਾ ਮੇਅਰ ਆਮ ਆਦਮੀ ਪਾਰਟੀ ਦਾ ਹੋਵੇਗਾ। ਬਰਨਾਲਾ ਦੇ 50 ਵਾਰਡਾਂ ’ਚ ਆਮ ਆਦਮੀ ਪਾਰਟੀ ਨੇ ਆਪਣੇ ਜੁਝਾਰੂ ਆਗੂ ਤੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਹਨ। ਲੋਕਾਂ ’ਚ ਨਗਰ ਨਿਗਮ ਬਣਨ ਦਾ ਬਹੁਤ ਵੱਡਾ ਉਤਸ਼ਾਹ ਹੈ। ਹੁਣ ਨਵਾਂ ਮੇਅਰ ਬਣਦਿਆਂ ਹੀ ਬਰਨਾਲਾ ’ਚ ਚਹੁੰ ਮੁਖੀ ਵਿਕਾਸ ਹੋ ਵਧੇਗਾ। ਵਿਰੋਧੀ ਪਾਰਟੀ ’ਤੇ ਤਨਜ ਕੱਸਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਾਡੇ ਇੱਕ ਵਾਰਡ ’ਚ ਤਿੰਨ-ਤਿੰਨ ਚਾਰ-ਚਾਰ ਉਮੀਦਵਾਰ ਚੋਣ ਲੜਨ ਦੇ ਚਾਹਵਾਨ ਸਨ। ਪਰ ਪਾਰਟੀ ਵੱਲੋਂ ਟਿਕਟ ਇੱਕ ਜਣੇ ਨੂੰ ਹੀ ਮਿਲਣੀ ਸੀ, ਕੁੱਝ ਵਾਰਡਾਂ ’ਚ ਸਾਡੇ ਆਪਣੇ ਭਰਾ ਆਪ ਦੇ ਵਰਕਰ ਨਾਰਾਜ਼ ਕੀ ਹੋਏ ਕਿ ਅਕਾਲੀ ਤੇ ਭਾਜਪਾ ਵਾਲਿਆਂ ਨੇ ਉ੍ਨ੍ਹਾਂ ਨੂੰ ਟਿਕਟਾਂ ਦੇਣ ਲਈ ਵਹੀਰਾਂ ਘੱਤ ਦਿੱਤੀਆਂ, ਫਿਰ ਵੀ ਉਨ੍ਹਾਂ ਨੂੰ ਕਰੀਬ ਅੱਧੇ ਵਾਰਡਾਂ ’ਚ ਹੀ ਚੋਣ ਲੜਨ ਲਈ ਉਮੀਦਵਾਰ ਮਿਲੇ ਹਨ। ਜੋ ਉਨ੍ਹਾਂ ਦੀਆਂ ਟਿਕਟਾਂ ’ਤੇ ਚੋਣ ਲੜ ਰਹੇ ਹਨ, ਉਹ ਵੀ ਆਪ ’ਚੋਂ ਨਾਰਾਜ਼ ਹੋਏ ਆਮ ਆਦਮੀ ਪਾਰਟੀ ਦੇ ਹੀ ਵਲੰਟੀਅਰ ਹਨ। ਜੋ ਜਲਦੀ ਹੀ ਆਪ ਦਾ ਮੇਅਰ ਬਣਦਿਆਂ ਘਰ ਵਾਪਸੀ ਕਰ ਲੈਣਗੇ। ਵਾਰਡ ਨੰਬਰ 24 ਦੇ ਉਮੀਦਵਾਰ ਵਿੱਕੀ ਧਾਲੀਵਾਲ ਦੇ ਹੱਕ ’ਚ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ’ਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਹਨ, ਉਹ ‘ਆਪ’ ਸਰਕਾਰ ਦੇ ਕਾਰਜਕਾਲ ’ਚ ਹੀ ਹੋਏ ਹਨ। ਲੋਕਾਂ ਦੀਆਂ ਮੁਸ਼ਕਿਲਾਂ ਭਾਵੇਂ ਉਹ ਕੂੜੇ ਦੇ ਡੰਪਾਂ ਦੀ ਹੋਵੇ ਜਾਂ ਕੋਈ ਹੋਰ, ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਹਨ। ਸੀਵਰੇਜ ਅਤੇ ਪਾਈਪ ਲਾਈਨ ਲਈ 84 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਸਰਕਾਰ ਦੇ ਖ਼ਜ਼ਾਨੇ ਦੀ ਸਹੀ ਵਰਤੋਂ ਨਾਲ ਹੀ ਇਹ ਗ੍ਰਾਂਟਾਂ ਆਈਆਂ ਹਨ। ਟੈਕਸਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ, ਸਿਰਫ਼ ਕਮਾਈ ਨਾਲ ਹੀ ਵਿਕਾਸ ਹੋਇਆ ਹੈ। ਵਾਰਡ ਨੰਬਰ 47 ਤੋਂ ਉਮੀਦਵਾਰ ਸਣੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਬਿੱਲ ਮਾਫ਼ੀ ਅਤੇ ਸਿਹਤ ਬੀਮਾ ਵਰਗੀਆਂ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਤੋਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸ਼ਵਿੰਦਰ ਸਿੰਘ ਜੰਡੂ, ਐੱਸਸੀ ਕਮਿਸ਼ਨ ਰੁਪਿੰਦਰ ਸ਼ੀਤਲ ਬੰਟੀ, ਸਾਹਿਲ ਸਿੰਗਲਾ, ਐਡਵੋਕੇਟ ਸਵਿੰਦਰ ਸਿੰਘ ਸੰਟੀ, ਲਵਪ੍ਰੀਤ ਲਵੀ, ਗੁਰਤੇਜ ਸਿੰਘ, ਵਿੱਕੀ ਢੀਂਡਸਾ, ਮਨੀ ਕਾਕੂ, ਭਲਵਾਨ ਹੈਪੀ, ਅਭੈ ਕੁਮਾਰ, ਜਥੇਦਾਰ ਗੁਰਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ।