- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਬੋਜ ਅਤੇ ਢਿੱਲੋਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਫਰਵਰੀ ਦੀ ਬਰਨਾਲਾ ਰੈਲੀ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਦੀ ਸਿਆਸੀ ਫਿਜ਼ਾ 'ਚ ਫਿਰਕਾਪ੍ਰਸਤੀ ਅਤੇ ਨਿੱਜਪ੍ਰਸਤੀ ਦਾ ਰੰਗ ਘੋਲਣ ਵਾਲੀਆਂ ਪਾਰਟੀਆਂ ਨੂੰ ਪੰਜਾਬ ਦੇ ਰਾਜਨੀਤਿਕ ਨਕਸ਼ੇ ਤੋਂ ਲਾਂਭੇ ਕੀਤਾ ਜਾਵੇ। ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਈ ਹੋਰ ਸੀਨੀਅਰ ਅਹੁਦੇਦਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਰੇ ਸੀਨੀਅਰ ਆਗੂ ਵੀ ਸ਼ਮੂਲੀਅਤ ਕਰਨਗੇ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੇ ਲੋਕ ਕਾਂਗਰਸ ਵੱਲੋਂ ਬਰਨਾਲਾ ਵਿਖੇ 28 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ 'ਚ ਰਾਹੁਲ ਗਾਂਧੀ ਦੇ ਸਵਾਗਤ ਲਈ ਪੱਬਾਂ ਭਾਰ ਹਨ ਅਤੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਬਰਨਾਲਾ ਰੈਲੀ ਪੰਜਾਬ ਦੀ ਰਾਜਨੀਤੀ 'ਚ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ। ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਪੰਜਾਬ 'ਚ ਸੱਤਾ ਤਬਦੀਲੀ ਦਾ ਮੁੱਢ ਬੰਨ੍ਹੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵੱਲੋਂ ਰੈਲੀ ਲਈ ਕੋਆਰਡੀਨੇਟਰ ਨਿਯੁਕਤ ਕੀਤੇ ਸੀਨੀਅਰ ਕਾਂਗਰਸ ਆਗੂ ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ ਅਤੇ ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬਰਨਾਲਾ ਦੀ ਅਨਾਜ ਮੰਡੀ 'ਚ 28 ਫਰਵਰੀ ਨੂੰ ਹੋ ਰਹੀ ਕਾਂਗਰਸ ਪਾਰਟੀ ਦੀ ਇਹ ਰੈਲੀ ਪੰਜਾਬ 'ਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਰਣਨੀਤਿਕ ਅਤੇ ਰਾਜਨੀਤਿਕ ਪ੍ਰਕਿਰਿਆ ਦਾ ਆਗਾਜ਼ ਕਰੇਗੀ। ਉਕਤ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਥੋੜ੍ਹੇ ਸਮੇਂ 'ਚ ਮੁਲਕ ਦੇ ਭਵਿੱਖੀ ਨੇਤਾ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ ਅਤੇ ਬਰਨਾਲਾ ਰੈਲੀ ਜਿੱਥੇ ਰਾਹੁਲ ਗਾਂਧੀ ਦੇ ਇਸ ਵਕਾਰ ਨੂੰ ਹੋਰ ਵੱਡਾ ਕਰੇਗੀ। ਉਥੇ ਪੰਜਾਬ 'ਚ ਖਾਸ ਕਰਕੇ ਮਾਲਵਾ ਖੇਤਰ 'ਚ ਕਾਂਗਰਸ ਪਾਰਟੀ ਨੂੰ ਇੱਕ ਅਜਿਹਾ ਸਿਆਸੀ ਉਤਸ਼ਾਹ ਮਿਲੇਗਾ ਜੋ ਕਾਂਗਰਸ ਨੂੰ ਪੰਜਾਬ ਦੀ ਸੱਤਾ ਤੱਕ ਲੈ ਕੇ ਜਾਵੇਗਾ। ਕੰਬੋਜ ਅਤੇ ਢਿੱਲੋ ਨੇ ਕਿਹਾ ਕਿ ਰਾਹੁਲ ਗਾਂਧੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇੱਕ ਸਾਜਿਸ਼ ਤਹਿਤ ਮਗਨਰੇਗਾ ਸਕੀਮ ਨੂੰ ਖਤਮ ਕਰਨ ਖ਼ਿਲਾਫ਼ ਇੱਕ ਸੁਨੇਹਾ ਲੈ ਕੇ ਭਾਰਤ ਵਿੱਚ ਨਿਕਲੇ ਹਨ ਅਤੇ ਇਹੀ ਸੁਨੇਹਾ ਲੈ ਕੇ ਉਹ ਪੰਜਾਬ ਆ ਰਹੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹੀ ਇੱਕੋ ਇੱਕ ਅਜਿਹੇ ਨੇਤਾ ਹਨ ਜਿਹੜੇ ਭਾਜਪਾ ਦੀਆਂ ਫਿਰਕੂ ਨੀਤੀਆਂ ਅਤੇ ਮੁਲਕ ਵਿਰੋਧੀ ਸਾਜ਼ਿਸਾਂ ਨੂੰ ਰੋਕ ਸਕਦੇ ਹਨ ਅਤੇ ਭਾਰਤ ਦੇ ਲੋਕ ਇਸ ਸੱਚਾਈ ਨੂੰ ਸਮਝ ਚੁੱਕੇ ਹਨ ਜਿਸ ਤੋਂ ਭਾਜਪਾ ਨਿਰਾਸ਼ਤਾ ਦੇ ਆਲਮ ਵਿੱਚ ਹੈ। ਉਕਤ ਆਗੂਆਂ ਨੇ ਦੱਸਿਆ ਕਿ 28 ਫਰਵਰੀ ਦੀ ਬਰਨਾਲਾ ਰੈਲੀ ਲਈ ਤਿਆਰੀਆਂ ਲਗਪਗ ਮੁਕੰਮਲ ਹਨ ਅਤੇ ਰੈਲੀ ਵਿੱਚ ਹੋਣ ਵਾਲਾ ਵਿਸ਼ਾਲ ਇਕੱਠ ਜਿੱਥੇ ਪੰਜਾਬ 'ਚ ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ ਦੀਆਂ ਸਿਆਸੀ ਚੂਲਾਂ ਢਿੱਲੀਆਂ ਕਰੇਗਾ ਉੱਥੇ ਪੰਜਾਬ ਦੀ ਰਾਜਨੀਤੀ 'ਚ ਕਾਂਗਰਸ ਦੀਆਂ ਜੜ੍ਹਾਂ ਮਜਬੂਤ ਕਰੇਗਾ। ਕੰਬੋਜ ਅਤੇ ਢਿੱਲੋਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਫਰਵਰੀ ਦੀ ਬਰਨਾਲਾ ਰੈਲੀ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਦੀ ਸਿਆਸੀ ਫਿਜ਼ਾ 'ਚ ਫਿਰਕਾਪ੍ਰਸਤੀ ਅਤੇ ਨਿੱਜਪ੍ਰਸਤੀ ਦਾ ਰੰਗ ਘੋਲਣ ਵਾਲੀਆਂ ਪਾਰਟੀਆਂ ਨੂੰ ਪੰਜਾਬ ਦੇ ਰਾਜਨੀਤਿਕ ਨਕਸ਼ੇ ਤੋਂ ਲਾਂਭੇ ਕੀਤਾ ਜਾਵੇ। ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਈ ਹੋਰ ਸੀਨੀਅਰ ਅਹੁਦੇਦਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਰੇ ਸੀਨੀਅਰ ਆਗੂ ਵੀ ਸ਼ਮੂਲੀਅਤ ਕਰਨਗੇ।