ਗਰਿੱਡ ਮਹਿਲ ਕਲਾਂ ਤੇ ਚੰਨਣਵਾਲ ਗਰਿੱਡ ਅੱਗੇ ਰਾਤ ਵੇਲੇ ਲਾਇਆ ਧਰਨਾ, ਸਵੇਰ ਤੋਂ ਦੇਰ ਰਾਤ ਤੱਕ ਕੱਟਾਂ ਖ਼ਿਲਾਫ਼ ਗੂੰਜਿਆ ਰੋਸ
ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਡਕੌਦਾ, ਧਨੇਰ ਤੇ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਪਾਵਰਕਾਮ ਸਬ ਡਿਵੀਜ਼ਨ ਗਰਿੱਡ 220 ਕੇਵੀ ਮਹਿਲ ਕਲਾਂ ਤੇ 66 ਕੇਵੀ ਗਰਿੱਡ ਚੰਨਣਵਾਲ ਅੱਗੇ ਰਾਤ ਸਮੇਂ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
Publish Date: Fri, 17 Apr 2026 09:17 PM (IST)
Updated Date: Fri, 17 Apr 2026 09:20 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਡਕੌਦਾ, ਧਨੇਰ ਤੇ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਪਾਵਰਕਾਮ ਸਬ ਡਿਵੀਜ਼ਨ ਗਰਿੱਡ 220 ਕੇਵੀ ਮਹਿਲ ਕਲਾਂ ਤੇ 66 ਕੇਵੀ ਗਰਿੱਡ ਚੰਨਣਵਾਲ ਅੱਗੇ ਰਾਤ ਸਮੇਂ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਸਰਾ, ਬਲਾਕ ਆਗੂ ਪਰਮਜੀਤ ਸਿੰਘ ਢੀਡਸਾ, ਖਜਾਨਚੀ ਜਸਵਿੰਦਰ ਸਿੰਘ ਛੀਨੀਵਾਲ ਅਤੇ ਬਲਾਕ ਆਗੂ ਸੁਖਦੀਪ ਸਿੰਘ ਗਿੱਲ ਕਲਾਲ ਮਾਜਰਾ ਨੇ ਕਿਹਾ ਕਿ ਦੋਵੇਂ ਗਰਿੱਡਾਂ ਨਾਲ ਜੁੜੇ ਪਿੰਡਾਂ ਵਿੱਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਜਾਰੀ ਰਹਿੰਦੀ ਹੈ ਤੇ ਅਣ-ਐਲਾਨੇ ਕੱਟ ਲੱਗਦੇ ਰਹਿੰਦੇ ਹਨ। ਇਸ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਲੋਕਾਂ ਦੀ ਦਿਨਚਰਿਆ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਤੇ ਗੁਰਪ੍ਰੀਤ ਸਿੰਘ ਸਹਿਜੜਾ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਮਾੜੀ ਹਾਲਤ ਕਾਰਨ ਹਰ ਵਰਗ ਦੇ ਲੋਕ ਪਰੇਸ਼ਾਨ ਹਨ। ਸਰਕਾਰ ਨੂੰ ਤੁਰੰਤ ਇਸ ਮਸਲੇ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪਿੰਡਾਂ ਨੂੰ 24 ਘੰਟੇ ਨਿਰਵਿਘਨ ਤੇ ਨਿਯਮਿਤ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ 'ਚ ਜਲਦ ਸੁਧਾਰ ਨਾ ਕੀਤਾ ਗਿਆ ਤਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਵੱਡੇ ਪੱਧਰ ’ਤੇ ਅਗਲੇ ਕਦਮ ਚੁੱਕੇ ਜਾਣਗੇ। ਇਸ ਮੌਕੇ ਉਪਰੋਕਤ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਇਲਾਕੇ ਦੇ ਨਿਵਾਸੀ ਵੀ ਹਾਜ਼ਰ ਰਹੇ। ਬਿਜਲੀ ਸਪਲਾਈ 'ਚ ਤੁਰੰਤ ਸੁਧਾਰ ਦੀ ਮੰਗ ਨੂੰ ਦੁਹਰਾਇਆ। ਇਸ ਮੌਕੇ ਕਿਸਾਨ ਅਤੇ ਖਪਤਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।