ਨਿਗਮ ਚੋਣਾਂ ਤੋਂ ਬਾਅਦ ਸਿਆਸੀ ਪਾਰਾ ਹਾਈ: ਬੂਥ ਕੈਪਚਰਿੰਗ ਦੇ ਦੋਸ਼ਾਂ ਤੇ ਮੇਅਰ ਦੀ ਕੁਰਸੀ ਦੇ ਦਾਅਵਿਆਂ ਵਿਚਾਲੇ ਖਿੱਚੋਤਾਣ ਤੇਜ

- ਸੱਤਾਧਿਰ ਤੇ ਵਿਰੋਧੀ ਧਿਰਾਂ ਵਿਚਾਲੇ ਸ਼ਬਦੀ ਜੰਗ ਤਿੱਖੀ, ਵਾਰਡਾਂ ’ਚ ਹੋਈਆਂ ਝੜਪਾਂ ਤੋਂ ਬਾਅਦ ਕਾਨੂੰਨ ਵਿਵਸਥਾ ’ਤੇ ਉੱਠੇ ਸਵਾਲ
- ਵਿਧਾਇਕ ਕਾਲਾ ਢਿੱਲੋਂ ਵੱਲੋਂ ਲੋਕਤੰਤਰ ਦੇ ਘਾਣ ਦੇ ਦੋਸ਼
- ਮੀਤ ਹੇਅਰ ਨੇ ਕਿਹਾ, ਲੋਕਾਂ ਨੇ ਵਿਕਾਸ ਨੂੰ ਚੁਣਿਆ, ਮੇਅਰ ਸਾਡਾ ਹੀ ਬਣੇਗਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਨਗਰ ਨਿਗਮ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੀ ਇਲਾਕੇ ਦਾ ਸਿਆਸੀ ਮਾਹੌਲ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਚੋਣਾਂ ਦੌਰਾਨ ਵੱਖ-ਵੱਖ ਵਾਰਡਾਂ ’ਚ ਹੋਈਆਂ ਹਿੰਸਕ ਝੜਪਾਂ, ਤਣਾਅਪੂਰਨ ਮਾਹੌਲ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਏ ਗਏ ਬੂਥ ਕੈਪਚਰਿੰਗ ਦੇ ਗੰਭੀਰ ਦੋਸ਼ਾਂ ਨੇ ਸਿਆਸੀ ਪਾਰੇ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਇੱਕ ਪਾਸੇ ਜਿੱਥੇ ਵਿਰੋਧੀ ਧਿਰਾਂ ਚੋਣ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਪ੍ਰਸ਼ਾਸਨ ਅਤੇ ਸੱਤਾਧਿਰ ਦੀ ਮਿਲੀਭੁਗਤ ਦੇ ਦੋਸ਼ ਲਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸੱਤਾਧਿਰ ਬਹੁਮਤ ਦੇ ਦਮ ’ਤੇ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋਣ ਦੇ ਵੱਡੇ ਦਾਅਵੇ ਕਰ ਰਹੀ ਹੈ।
- ਲੋਕਤੰਤਰ ਦਾ ਲਾਹਿਆ ਜਾ ਰਿਹਾ ਹੈ ਜਨਾਜ਼ਾ : ਕਾਲਾ ਢਿੱਲੋਂ
ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੱਤਾਧਿਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰਡਾਂ ’ਚ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਨੂੰ ਡਰਾਇਆ-ਧਮਕਾਇਆ ਗਿਆ ਤੇ ਵੋਟਿੰਗ ਦੌਰਾਨ ਸ਼ਰੇਆਮ ਬੂਥ ਕੈਪਚਰਿੰਗ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਢਿੱਲੋਂ ਨੇ ਆਖਿਆ ਕਿ ਜਿਸ ਤਰ੍ਹਾਂ ਵਾਰਡਾਂ ’ਚ ਝੜਪਾਂ ਹੋਈਆਂ, ਉਸ ਨਾਲ ਸ਼ਹਿਰ ਦੀ ਅਮਨ-ਕਾਨੂੰਨ ਵਿਵਸਥਾ ਤਾਰ-ਤਾਰ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਧੱਕੇਸ਼ਾਹੀ ਖ਼ਿਲਾਫ਼ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ ਤੇ ਜਨਤਾ ਦੇ ਫ਼ਤਵੇ ਨੂੰ ਲੁੱਟਣ ਨਹੀਂ ਦਿੱਤਾ ਜਾਵੇਗਾ।
- ਜਨਤਾ ਨੇ ਨਕਾਰੇ ਅਫ਼ਵਾਹਾਂ ਫੈਲਾਉਣ ਵਾਲੇ, ਮੇਅਰ ਸਾਡਾ ਹੀ ਬਣੇਗਾ : ਮੀਤ ਹੇਅਰ
ਦੂਜੇ ਪਾਸੇ ਸੱਤਾਧਿਰ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀਆਂ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਪਲਟਵਾਰ ਕੀਤਾ ਹੈ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਚੋਣਾਂ ਪੂਰੀ ਤਰ੍ਹਾਂ ਅਮਨ-ਅਮਾਨ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹੀਆਂ ਹਨ। ਵਿਰੋਧੀ ਧਿਰਾਂ ਆਪਣੀ ਹਾਰ ਨੂੰ ਦੇਖ ਕੇ ਬੁਖ਼ਲਾਹਟ ’ਚ ਅਜਿਹੇ ਬੇਬੁਨਿਆਦ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਆਖਿਆ ਕਿ ਸ਼ਹਿਰ ਦੇ ਲੋਕਾਂ ਨੇ ਵਿਕਾਸ ਦੀਆਂ ਨੀਤੀਆਂ ’ਤੇ ਮੋਹਰ ਲਗਾਈ ਹੈ ਤੇ ਕੌਂਸਲਰਾਂ ਦੇ ਵੱਡੇ ਬਹੁਮਤ ਨਾਲ ਅਗਲਾ ਮੇਅਰ ਸੱਤਾਧਿਰ ਦਾ ਹੀ ਬਣੇਗਾ।
ਅਗਲੀ ਰਾਹ ਨਹੀਂ ਆਸਾਨ : ਇਸ ਪੂਰੀ ਸਿਆਸੀ ਜੰਗ ਨੂੰ ਲੈ ਕੇ ਜੇਕਰ ਜ਼ਮੀਨੀ ਹਕੀਕਤ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕੁਝ ਅਹਿਮ ਨੁਕਤੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।
ਵਾਰਡਾਂ ਦੀ ਵੰਡ ਤੇ ਅੰਦਰੂਨੀ ਬਗਾਵਤ : ਚੋਣਾਂ ’ਚ ਜਿੱਥੇ ਬਾਹਰੀ ਸਿਆਸੀ ਜੰਗ ਸੀ, ਉੱਥੇ ਹੀ ਦੋਵਾਂ ਧਿਰਾਂ ਨੂੰ ਅੰਦਰੂਨੀ ਬਗਾਵਤ (ਆਜ਼ਾਦ ਉਮੀਦਵਾਰਾਂ) ਦਾ ਵੀ ਸਾਹਮਣਾ ਕਰਨਾ ਪਿਆ। ਹੁਣ ਮੇਅਰ ਦੀ ਚੋਣ ਵੇਲੇ ਇਹ ਆਜ਼ਾਦ ਉਮੀਦਵਾਰ ‘ਕਿੰਗ ਮੇਕਰ’ ਦੀ ਭੂਮਿਕਾ ਨਿਭਾ ਸਕਦੇ ਹਨ।
ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ : ਚੋਣਾਂ ਦੌਰਾਨ ਹੋਈਆਂ ਝੜਪਾਂ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀਆਂ ਵੱਲੋਂ ਦਰਜ ਕਰਵਾਈਆਂ ਸ਼ਿਕਾਇਤਾਂ ’ਤੇ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਵਾਲੇ ਐਕਸ਼ਨ ’ਤੇ ਸਭ ਦੀ ਨਜ਼ਰ ਟਿਕੀ ਹੋਈ ਹੈ। ਪੁਲਿਸ ਦੀ ਹਾਜ਼ਰੀ ’ਚ ਸਿਰ ਪਾੜੇ ਗਏ, ਔਰਤਾਂ ਦੀ ਕੁੱਟਮਾਰ ਤੱਕ ਕੀਤੀ ਗਈ। ਅਜਿਹੀਆਂ ਘਟਨਾਵਾਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਇੱਕ ਸਵਾਲੀਆ ਚਿੰਨ੍ਹ ਹਨ।
ਜੋੜ-ਤੋੜ ਦੀ ਸਿਆਸਤ ਸ਼ੁਰੂ : ਭਾਵੇਂ ਵੋਟਾਂ ਪੈ ਚੁੱਕੀਆਂ ਹਨ, ਪਰ ਅਸਲ ਖੇਡ ਹੁਣ ਮੇਅਰ ਦੀ ਕੁਰਸੀ ਲਈ ਸ਼ੁਰੂ ਹੋਈ ਹੈ। ਪਰਦੇ ਦੇ ਪਿੱਛੇ ਕੌਂਸਲਰਾਂ ਨੂੰ ਆਪਣੇ ਪਾਲੇ ’ਚ ਲਿਆਉਣ ਲਈ ਜੋੜ-ਤੋੜ ਤੇ ਸਿਆਸੀ ਗੋਟੀ ਫਿੱਟ ਕਰਨ ਦਾ ਸਿਲਸਿਲਾ ਸਿਖਰਾਂ ’ਤੇ ਹੈ। ਨਗਰ ਨਿਗਮ ਚੋਣਾਂ ਭਾਵੇਂ ਲੰਘ ਗਈਆਂ ਹਨ, ਪਰ ਇਸ ਤੋਂ ਬਾਅਦ ਪੈਦਾ ਹੋਈ ਸਿਆਸੀ ਕੜਵਾਹਟ ਆਉਣ ਵਾਲੇ ਦਿਨਾਂ ’ਚ ਹੋਰ ਵਧਣ ਦੇ ਆਸਾਰ ਹਨ। ਮੇਅਰ ਦੀ ਤਾਜਪੋਸ਼ੀ ਤੱਕ ਬਰਨਾਲਾ ਦੀ ਸਿਆਸਤ ’ਚ ਹਲਚਲ ਪੂਰੀ ਤਰ੍ਹਾਂ ਬਣੀ ਰਹੇਗੀ।