ਸਫ਼ਾਈ ਸੇਵਕਾਂ ਵੱਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ
ਸਫਾਈ ਸੇਵਕਾਂ ਵੱਲੋਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ
Publish Date: Wed, 06 May 2026 05:10 PM (IST)
Updated Date: Wed, 06 May 2026 05:11 PM (IST)

-ਕਿਹਾ, ਮੰਗਾਂ ਨਾ ਮੰਨਣ ਦੀ ਸੂਰਤ ’ਚ ਦਿੱਤੀ ਵੱਡੇ ਸੰਘਰਸ਼ ਦੀ ਚਿਤਾਵਨੀ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ਕਰ ਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ ਰਫੀ ਅਤੇ ਹੋਰ ਵੱਖ ਵੱਖ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਸਾਨੂੰ ਭਰੋਸੇ ਤੋਂ ਬਿਨਾਂ ਕੁੱਝ ਵੀ ਨਹੀਂ ਮਿਲਿਆ। ਜਿਸ ਕਾਰਨ ਸਾਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਜਿਵੇੰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਫ਼ਾਈ ਕਰਮਚਾਰੀਆਂ ਲਈ ਖ਼ਤਰਨਾਕ ਡਿਊਟੀ ਨੂੰ ਦੇਖਦਿਆਂ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦਿੱਤਾ ਜਾਵੇ,ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਹੋਵੇ ਅਤੇ ਪੱਕੇ ਕਰਨ ਸਬੰਧੀ ਬਣਾਈ ਗਈ 10 ਸਾਲਾਂ ਦੀ ਪਾਲਿਸੀ ਨੂੰ ਰੱਦ ਕਰਕੇ ਤਿੰਨ ਸਾਲਾਂ ’ਚ ਪੱਕਾ ਕੀਤਾ ਜਾਵੇ। ਉਨ੍ਹਾਂ ਨੂੰ ਘੱਟੋ-ਘੱਟ 10 ਲੱਖ ਰੁਪਏ ਦਾ ਦੁਰਘਟਨਾ ਸਬੰਧੀ ਬੀਮਾ ਲਾਗੂ ਕੀਤਾ ਜਾਵੇ ਤਾਂ ਜੋ ਸੇਵਾ ਦੌਰਾਨ ਹੋਣ ਵਾਲੇ ਹਾਦਸਿਆਂ ’ਚ ਪੂਰੀ ਤਨਖਾਹ ਅਤੇ ਹੋਰ ਸਹੂਲਤਾਂ ਜਾਰੀ ਰਹਿਣ। ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸਿਕੰਦਰ ਕੁਮਾਰ ਪ੍ਰਧਾਨ ਆਊਟਰ ਸੋਰਸ ਕੰਟਰੈਕਟ ਮੁਲਾਜ਼ਮ ਯੂਨੀਅਨ, ਰਾਜ ਕੁਮਾਰ ਰਾਜੂ, ਅਰਜੁਨ ਕਾਲੀ, ਅਜੇ ਕੁਮਾਰ, ਸਲਿੰਦਰ ਕੁਮਾਰ, ਸ਼ਮੀ ਕੁਮਾਰ, ਮੇਟ ਦੀਪਕ ਕੁਮਾਰ, ਵਿੱਕੀ ਕੁਮਾਰ, ਰਾਕੇਸ਼ ਕੁਮਾਰ, ਜਗਤ, ਸੁਨੀਲ ਕੁਮਾਰ, ਸਚਿਨ, ਰਾਜਬੀਰ, ਗੀਤਾ ਰਾਣੀ, ਸਰੋਜ ਰਾਣੀ, ਸੰਜੂ ਦੇਵੀ, ਆਸ਼ਾ ਰਾਣੀ ਆਦਿ ਵੱਡੀ ਗਿਣਤੀ ਚ ਸਫਾਈ ਸੇਵਕ ਕਾਮੇ ਮੌਜੂਦ ਸਨ।